ਪੰਜਾਬੀਅਤ ਦਾ ਬਰਾਂਡ ਅੰਬੈਸਡਰ- ਪੰਮੀ ਬਾਈ

ਹਰਿੰਦਰ ਸਿੰਘ ਭੁੱਲਰ
ਪੰਮੀ ਬਾਈ ਦਾ ਨਾਂ ਸੁਣਦਿਆਂ ਹੀ ਜ਼ਿਹਨ ਵਿੱਚ ਗੁਲਾਬ ਦੇ ਫ਼ੁੱਲ ਵਾਂਗ ਖਿੜਿਆ ਚਿਹਰਾ, ਤੁਰਲੇ ਵਾਲੀ ਪੱਗ ਅਤੇ ਮੁਕੰਮਲ ਪੰਜਾਬੀ ਪਹਿਰਾਵੇ ਵਿੱਚ ਸਜਿਆ ਇੱਕ ਸ਼ਖ਼ਸ ਘੁੰਮਣ ਲੱਗ ਜਾਂਦਾ ਹੈ। ਉਹ ਸਿਰਫ਼ ਇੱਕ ਗਾਇਕ ਹੀ ਨਹੀਂ ਸਗੋਂ ਪਿਛਲੇ ਲੰਬੇ ਸਮੇਂ ਤੋਂ ਬਿਨਾਂ ਕਿਸੇ ਨਿੱਜੀ ਸਵਾਰਥ ਦੇ ਇੱਕ ਮਿਸ਼ਨਰੀ ਵਾਂਗ ਪੰਜਾਬੀ ਸੱਭਿਆਚਾਰ ਦੇ ਪਸਾਰੇ
ਲਈ ਯਤਨਸ਼ੀਲ ਇਨਸਾਨ ਹੈ। ਉਸਦੇ ਗੀਤ ਸਾਡੇ ਅਤੀਤ ਨੂੰ ਸਾਡੇ ਵਰਤਮਾਨ ਨਾਲ ਜੋੜਨ ਵਾਲੇ ਇੱਕ ਪੁਲ ਦਾ ਕੰਮ ਕਰਦੇ ਹਨ। ਆਪਣੀ ਵਿਰਾਸਤ ਨੂੰ ਸਾਂਭਣ ਲਈ ਉਸ ਵੱਲੋਂ ਕੀਤੇ ਗਏ ਤੇ ਕੀਤੇ ਜਾ ਰਹੇ ਉਪਰਾਲੇ ਉਸਨੂੰ ਇੱਕ ਮੁਕੰਮਲ ਇਨਸਾਨ ਦੇ ਰੂਪ ਵਿੱਚ ਸਾਡੇ ਸਾਹਮਣੇ ਪੇਸ਼ ਕਰਦੇ ਹਨ।
9 ਨਵੰਬਰ ਨੂੰ ਸੰਗਰੂਰ ਜ਼ਿਲ•ੇ ਦੇ ਪਿੰਡ ਜਖੇਪਲ ਵਿਖੇ ਉੱਘੇ ਸੁਤੰਤਰਤਾ ਸੈਨਾਨੀ ਸਵ. ਸ. ਪ੍ਰਤਾਪ ਸਿੰਘ ਬਾਗੀ ਅਤੇ ਮਾਤਾ ਸ੍ਰੀਮਤੀ ਸਤਵੰਤ ਕੌਰ ਦੇ ਘਰ ਜਨਮੇ ਪਰਮਜੀਤ ਸਿੰਘ ਸਿੱਧੂ ਉਰਫ਼ ਪੰਮੀ ਬਾਈ ਨੇ ਮੁੱਢਲੀ ਸਿੱਖਿਆ ਆਪਣੇ ਪਿੰਡ ਦੇ ਸਕੂਲ ਵਿੱਚੋਂ ਪ੍ਰਾਪਤ ਕੀਤੀ। ਪਿੰਡ ਦੇ ਸਕੂਲ ਵਿੱਚ ਚੌਥੀ ਜਮਾਤ ਵਿੱਚ ਪੜ•ਦਿਆਂ ਹੀ ਉਸਨੂੰ ਗਾਇਕੀ ਦੀ ਚੇਟਕ ਲੱਗ ਗਈ। ਇਸ ਉਪਰੰਤ ਸੁਨਾਮ ਦੇ ਸਰਕਾਰੀ ਸਕੂਲ ਅਤੇ ਸ਼ਹੀਦ ਊਧਮ ਸਿੰਘ ਕਾਲਜ ਵਿਖੇ ਬੀ.ਏ. ਦੀ ਪੜ•ਾਈ ਦੌਰਾਨ ਪੰਮੀ ਬਾਈ ਭੰਗੜੇ ਨਾਲ ਜੁੜਿਆ। ਭੰਗੜੇ ਦਾ ਇਹ ਸ਼ੌਂਕ ਪੰਜਾਬੀ ਯੂਨਿਵਰਸਿਟੀ ਪਟਿਆਲਾ ਵਿਖੇ ਡਬਲ ਐਮ.ਏ. ਅਤੇ ਐੱਲ.ਐੱਲ.ਬੀ. ਕਰਦਿਆਂ ਹੋਰ ਵੀ ਪਰਵਾਨ ਚੜਿ•ਆ।
ਯੂਨੀਵਰਸਿਟੀ ਦੀ ਪੜ•ਾਈ ਮੁਕੰਮਲ ਹੋਣ ਤੋਂ ਬਾਅਦ ਬਾਈ ਦੀਆਂ ਸੱਭਿਆਚਾਰਕ ਗਤੀਵਿਧੀਆਂ ਨੂੰ ਮਾਨਤਾ ਦਿੰਦਿਆਂ ਕੇਂਦਰ ਸਰਕਾਰ ਨੇ ਆਪਣੇ ਸੱਭਿਆਚਾਰਕ ਵਿਭਾਗ 'Àੁੱਤਰੀ ਖੇਤਰ ਸੱਭਿਆਚਾਰਕ ਕੇਂਦਰ' ਪਟਿਆਲਾ ਵਿਖੇ ਪੰਮੀ ਬਾਈ ਨੂੰ 1986 ਵਿੱਚ ਬਤੌਰ ਪ੍ਰੋਗ੍ਰਾਮ ਨਿਰਦੇਸ਼ਕ ਦੇ ਅਹੁਦੇ 'ਤੇ ਨਿਯੁਕਤ ਕੀਤਾ। ਇਸ ਮਹਿਕਮੇ ਵਿੱਚ ਬਾਈ ਨੇ 1994 ਤੱਕ ਸੇਵਾ ਨਿਭਾਈ ਤੇ ਫਿਰ ਜਦੋਂ ਗਾਇਕੀ ਦਾ ਸ਼ੌਂਕ ਭਾਰੂ ਹੋ ਗਿਆ ਤਾਂ ਉਸਨੇ ਇਸ ਨੌਕਰੀ ਨੂੰ ਸਦੀਵੀ ਅਲਵਿਦਾ ਕਹਿ ਦਿੱਤਾ। ਸਰੋਤਿਆਂ/ਪਾਠਕਾਂ ਨੂੰ ਸ਼ਾਇਦ ਇਹ ਗੱਲ ਨਾ ਪਤਾ ਹੋਵੇ ਕਿ ਇਸੇ ਨੌਕਰੀ ਦੌਰਾਨ 1987 ਵਿੱਚ ਪੰਮੀ ਬਾਈ ਦੀ ਬਤੌਰ ਗਾਇਕ ਉਸ ਵੇਲੇ ਦੀ ਉੱਘੀ ਗਾਇਕਾ ਨਰਿੰਦਰ ਬੀਬਾ ਨਾਲ ਇੱਕ ਦੋਗਾਣਾ ਟੇਪ 'ਅਣਖੀ ਸ਼ੇਰ ਪੰਜਾਬ ਦੇ' ਅਤੇ 1991 ਵਿੱਚ ਸੁਰਿੰਦਰ ਕੌਰ ਨਾਲ ਇੱਕ ਟੇਪ 'ਅੰਮ੍ਰਿਤ ਬਾਜਾਂ ਵਾਲੇ ਦਾ' ਵੀ ਰਿਲੀਜ਼ ਹੋਈ ਸੀ। ਇਹਨਾਂ ਟੇਪਾਂ ਦੀ ਸਫ਼ਤਲਾ ਵੀ ਉਸ ਨੌਕਰੀ ਨੂੰ ਅਲਵਿਦਾ ਕਹਿਣ ਦਾ ਇੱਕ ਵੱਡਾ ਕਾਰਨ ਬਣੀ। ਇਹਨਾਂ ਹੀ ਵਰਿ•ਆਂ ਦੌਰਾਨ ਬਾਈ ਨੇ ਪੰਜਾਬ ਦੀ ਕੋਇਲ ਬੀਬਾ ਸੁਰਿੰਦਰ ਕੌਰ, ਜਗਮੋਹਨ ਕੌਰ, ਨਰਿੰਦਰ ਬੀਬਾ ਅਤੇ ਗੁਰਮੀਤ ਬਾਵਾ ਨਾਲ ਬਤੌਰ ਗਾਇਕ ਕਈ ਸਟੇਜਾਂ ਕੀਤੀਆਂ। ਇਹਨਾਂ ਉੱਚ ਕੋਟੀ ਦੀਆਂ ਗਾਇਕਾਵਾਂ ਦੀ ਸੰਗਤ ਨੇ ਪੰਮੀ ਬਾਈ ਨੂੰ ਇੱਕ ਗਾਇਕ ਬਣਨ ਲਈ ਉਸਦਾ ਰਾਹ ਪੱਧਰਾ ਕੀਤਾ। ਅੰਤ ਉਹ ਵੇਲਾ ਆ ਗਿਆ ਜਦ ਬਾਈ ਨੇ ਪ੍ਰਫ਼ੈਸ਼ਨਲ ਗਾਇਕੀ ਨੂੰ ਅਪਣਾਉਣ ਦੇ ਇਰਾਦੇ ਨਾਲ 1995 ਵਿੱਚ ਉਸ ਵੇਲੇ ਦੇ ਸਫ਼ਲਤਮ ਸੰਗੀਤਕਾਰ ਸ੍ਰੀ ਚਰਨਜੀਤ ਆਹੂਜਾ ਦੇ ਸੰਗੀਤ ਵਿੱਚ ਇੱਕ ਟੇਪ 'ਮਾਝੇ,ਮਾਲਵੇ,ਦੁਆਬੇ ਦੀਆਂ ਬੋਲੀਆਂ' ਰਿਕਾਰਡ ਕਰ ਕੇ ਰਿਲੀਜ਼ ਕੀਤੀ।ਇਸ ਟੇਪ ਨੂੰ ਮਿਲੀ ਇਤਿਹਾਸਕ ਸਫ਼ਲਤਾ ਨਾਲ ਪੰਮੀ ਬਾਈ ਇੱਕ ਗਾਇਕ ਵਜੋਂ ਸਰੋਤਿਆਂ ਦੇ ਸਾਹਮਣੇ ਆਇਆ। ਭਾਵੇਂ ਕਿ ਇਸ ਟੇਪ ਨੂੰ ਆਈ ਨੂੰ ਅੱਜ ਸੋਲਾਂ ਸਾਲ ਹੋ ਗਏ ਹਨ ਪਰ ਅੱਜ ਵੀ ਇਹ ਬੀਤੇ ਕੱਲ• ਜਿੰਨੀ ਤਾਜ਼ਾ ਹੈ ਤੇ ਅੱਜ ਵੀ ਇਸਦੀ ਸਰੋਤਿਆਂ ਵਿੱਚ ਓਨੀ ਹੀ ਮੰਗ ਹੈ। ਇਸ ਉਪਰੰਤ ਆਈਆਂ ਉਸ ਦੀਆਂ ਟੇਪਾਂ 'ਡਾਂਸ ਵਿਦ ਪੰਮੀ ਬਾਈ', 'ਨੱਚ-ਨੱਚ ਪਾਉਣੀ ਧਮਾਲ', 'ਗਿੱਧਾ ਮਲਵੱਈਆਂ ਦਾ', 'ਨੱਚਦੇ ਪੰਜਾਬੀ', 'ਪੁੱਤ ਪੰਜਾਬੀ' ਅਤੇ 'ਢੋਲ 'ਤੇ ਧਮਾਲਾਂ' ਰਾਹੀਂ ਉਸਨੇ ਆਪਣੀ ਗਾਇਕੀ ਦੇ ਘੇਰੇ ਨੂੰ ਹੋਰ ਵੀ ਮੋਕਲਾ ਕੀਤਾ। ਅੱਜ ਤੱਕ ਉਸਨੇ ਜਿੰਨੀਆਂ ਵੀ ਟੇਪਾਂ ਸਰੋਤਿਆਂ ਅੱਗੇ ਪੇਸ਼ ਕੀਤੀਆਂ ਹਨ ਉਹ ਹਮੇਸ਼ਾਂ ਹੀ ਇਹ ਸੋਚ ਕੇ ਹੀ ਕੀਤੀਆਂ ਹਨ ਕਿ ਉਸਨੇ ਆਪਣੇ ਗੀਤਾਂ ਰਾਹੀਂ ਪੰਜਾਬੀ ਮਾਂ-ਬੋਲੀ ਅਤੇ ਪੰਜਾਬੀ ਸੱਭਿਆਚਾਰ ਦਾ ਪਸਾਰਾ ਕਰਨਾ ਹੈ ਚਾਹੇ ਉਸਦੀਆਂ ਟੇਪਾਂ ਵਿਕਣ ਜਾਂ ਨਾ ਵਿਕਣ। ਇਹਨੀਂ ਦਿਨੀਂ ਵੰਝਲੀ ਰਿਕਾਰਡਜ਼ ਵਿੱਚ ਆਈ ਬਾਈ ਦੀ ਨਵੀਂ ਟੇਪ 'ਪੰਜਾਬੀਆਂ ਦੀ ਬੱਲੇ-ਬੱਲੇ' ਦਾ ਹਰ ਇੱਕ ਗੀਤ ਉਸਦੀ ਇਸ ਸੋਚ ਦੀ ਸਾਖੀ ਭਰਦਾ ਹੈ। ਕੁਲਜੀਤ ਸਿੰਘ ਅਤੇ ਹਰਜੀਤ ਗੁੱਡੂ ਦੇ ਸੰਗੀਤ ਨਾਲ ਲਬਰੇਜ਼ ਬਾਈ ਦੀ ਇਸ ਟੇਪ ਵਿੱਚ ਕੁੱਲ 10 ਗੀਤ ਹਨ ਜੋ ਪੰਜਾਬੀਆਂ ਦੇ ਸੁਭਾਅ, ਉਹਨਾਂ ਦੇ ਰਹਿਣ-ਸਹਿਣ ਤੇ ਉਹਨਾਂ ਦੀ ਗ਼ੈਰਤਮੰਦੀ ਦੀਆਂ ਬਾਤਾਂ ਪਾਉਂਦੇ ਹਨ। ਉਹ ਪੰਜਾਬੀਆਂ ਦਾ ਸਹੀ ਅਰਥਾਂ ਵਿੱਚ ਪਰਿਵਾਰਕ ਗਾਇਕ ਹੈ ਜਿਸਦੇ ਗੀਤਾਂ ਦਾ ਆਨੰਦ ਅਸੀਂ ਆਪਣੇ ਪਰਿਵਾਰ ਸਮੇਤ ਲੈਣ ਵਿੱਚ ਮਾਣ ਮਹਿਸੂਸ ਕਰਦੇ ਹਾਂ। ਬੀਤੇ ਸਮੇਂ ਦੌਰਾਨ ਉਸਨੇ ਜਿੰਨੇ ਵੀ ਗੀਤ ਗਾਏ ਹਨ ਉਹਨਾਂ ਵਿੱਚੋਂ ਕਿਸੇ ਇੱਕ 'ਤੇ ਵੀ ਕੋਈ ਉਂਗਲ ਨਹੀਂ ਚੁੱਕ ਸਕਦਾ।
ਆਪਣੇ ਵਿਰਸੇ ਨੂੰ ਸਾਂਭਣ ਹਿਤ ਬੀਤੇ ਦੋ ਸਾਲਾਂ ਵਿੱਚ ਪੰਮੀ ਬਾਈ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਲਈ ਚਾਰ ਪ੍ਰੋਜੈਕਟ ਡਾਕੂਮੈਂਟਰੀ ਦੇ ਰੂਪ ਵਿੱਚ ਬਣਾ ਕੇ ਦਿਤੇ। ਵੀਡੀਓ ਸੀਡੀਜ਼ ਦੇ ਰੂਪ ਵਿੱਚ ਬਣਾਈਆਂ ਗਈਆਂ ਇਹ ਚਾਰ ਡਾਕੂਮੈਂਟਰੀਜ਼ ਪੰਜਾਬੀ ਲੋਕ ਨਾਚ ਭੰਗੜੇ, ਗਿੱਧੇ, ਝੂੰਮਰ ਅਤੇ ਸੰਮੀ ਦੇ ਇਤਿਹਾਸ ਅਤੇ ਉਸਦੀਆਂ ਬਾਰੀਕੀਆਂ ਬਾਰੇ ਚਾਨਣਾ ਪਾਉਂਦੀਆਂ ਹਨ। ਪੰਜਾਬੀ ਲੋਕ-ਨਾਚਾਂ ਦੀ ਉੱਨਤੀ ਲਈ ਕੀਤੀਆਂ ਉਸਦੀਆਂ ਇਹਨਾਂ ਹੀ ਸੇਵਾਵਾਂ ਬਦਲੇ ਪੰਜਾਬ ਸਰਕਾਰ ਨੇ ਉਸਨੂੰ 'ਸ਼੍ਰੋਮਣੀ ਐਵਾਰਡ' ਅਤੇ ਪੰਜਾਬੀ ਯੂਨੀਵਰਸਿਟੀ ਨੇ 'ਫ਼ੈਲੋਸ਼ਿਪ' ਨਾਲ ਨਿਵਾਜਿਆ।
ਗਾਇਕੀ ਦੇ ਨਾਲ-ਨਾਲ ਸੁਰ ਦੇ ਇੱਕ ਕਦਰਦਾਨ ਵਜੋਂ ਬਾਈ ਨੇ ਸੁਰ ਦੇ ਧਨੀ ਪਰ ਆਰਥਕ ਪੱਖੋਂ ਕਮਜ਼ੋਰ ਨੌਜਵਾਨ ਗਾਇਕਾਂ ਨੂੰ ਗਾਇਕੀ ਦੇ ਖੇਤਰ ਵਿੱਚ ਲਿਆਉਣ ਲਈ 'ਫ਼ੋਕ ਸਟੂਡੀਓ' ਨਾਂ ਦੀ ਇੱਕ ਕੰਪਨੀ ਬਣਾਈ ਹੈ, ਜਿਸ ਰਾਹੀਂ ਉਹ ਇਹਨਾਂ ਪ੍ਰਤਿਭਾਸ਼ਾਲੀ ਗਾਇਕਾਂ ਨੂੰ ਲੋਕਾਂ ਸਾਹਮਣੇ ਲਿਆਉਣ ਲਈ ਆਪਣੇ ਵੱਲੋਂ ਉਪਰਾਲੇ ਕਰੇਗਾ। ਆਪਣੇ ਗੀਤਾਂ ਰਾਹੀਂ ਪੰਜਾਬੀ ਮਾਂ-ਬੋਲੀ ਅਤੇ ਵਿਰਸੇ ਦੀ ਸਹੀ ਅਰਥਾਂ ਵਿੱੱਚ ਵਡਿਆਈ ਕਰਨ ਵਾਲੇ ਪੰਜਾਬੀਅਤ ਦੇ ਇਸ 'ਬਰਾਂਡ ਅੰਬੈਸਡਰ' ਦੀ ਸਦਾ ਹੀ ਚੜ•ਦੀ ਕਲਾ ਰਹੇ।
ਹਰਿੰਦਰ ਸਿੰਘ ਭੁੱਲਰ
ਫ਼ਿਰੋਜ਼ਪੁਰ
ਮੋਬਾਇਲ-99143-40420

No comments:

Post a Comment