ਸ਼ਾਲਾ ਹੈਪੀ ਅਰਮਾਨ ਦੇ ਹਰ "ਅਰਮਾਨ" ਨੂੰ ਫ਼ਲ ਲੱਗੇ....।

ਡੀ.ਪੀ.ਸਿੰਘ ਭੁੱਲਰ
ਪੰਜਾਬੀ ਗਾਇਕੀ ਦੇ ਵਿਸ਼ਾਲ ਅੰਬਰ ਦੀ ਹਿੱਕ ਤੇ ਅੱਜ ਅਨੇਕਾਂ ਹੀ ਤਾਰੇ ਟਿੰਮਟਿਮਾਂ ਰਹੇ ਹਨ। ਇਹਨਾਂ ਹੀ ਤਾਰਿਆਂ ਵਿੱਚ ਇੱਕ ਹੋਰ ਸਿਤਾਰੇ ਨੇ ਆਪਣਾ ਵਿਲੱਖਣ ਅੰਦਾਜ ਹੋਣ
ਕਰਕੇ ਆਪਣਾ ਵੱਖਰਾ ਸਥਾਨ ਸਥਾਪਿਤ ਕਰ ਲਿਆ ਹੈ। ਮੈਂ ਜਿਸ ਦੀ ਗੱਲ ਕਰਨ ਜਾ ਰਿਹਾ ਉਹ ਹੈ ਛੋਟੀ ਜਿਹੀ ਉਮਰ ਵਿੱਚ ਸਰੋਤਿਆਂ ਦਾ ਵੱਡਾ ਪਿਆਰ ਹਾਸਿਲ ਕਰਨ ਵਾਲਾ ਗਾਇਕ ਹੈਪੀ ਅਰਮਾਨ...........
ਜੇ ਮੈਂ ਉਸਦੇ ਪਿਛੋਕੜ ਦੀ ਜਾਣਕਾਰੀ ਨਾ ਦਿੱਤੀ ਤਾਂ ਇਹ ਲਿੱਖਤ ਅਧੂਰੀ ਲਗੇਗੀ, ਸੋ ਮੈਂ ਦੱਸਣਾ ਚਾਹੁੰਦਾ ਹਾਂ ਕਿ ਉਦਸਾ ਜੱਦੀ ਪਿੰਡ ਪੱਧਰੀ ਜਿਲਾ ਫਿਰੋਜ਼ਪੁਰ ਅਤੇ ਪਰਿਵਾਰ ਵਿੱਚ ਦਾਦੀ ਸਰਦਾਰਨੀ ਗੁਰਦੀਪ ਕੌਰ, ਪਿਤਾ ਸ.ਅਜੀਤ ਸਿੰਘ, ਮਾਤਾ ਸ਼ੀ੍ ਕੁਲਵੰਤ ਕੌਰ, ਵੱਡਾ ਭਰਾ ਨਛੱਤਰ ਸਿੰਘ, ਭਾਬੀ ਪਲਵਿੰਦਰ ਕੌਰ ਤੇ ਭਤੀਜੀ ਅਰਪਣ ਵਿਰਕ ਹੈ।
ਮੁਢਲੀ ਪੜਾਈ ਦੇਵ ਸਮਾਜ ਮਾਡਲ ਹਾਈ ਸਕੂਲ ਤੋਂ ਦੱਸਵੀਂ ਤੇ ਦਸਮੇਸ਼ ਸੀਨੀਅਰ ਸਕੈੰਡਰੀ ਸਕੂਲ ਤੋਂ ਬਾਰਵੀਂ ਕੀਤੀ। ਫਿਰ ਆਰ.ਐਸ.ਡੀ ਕਾਲਜ ਫਿਰੋਜ਼ਪੁਰ ਤੋਂ ਬੀ.ਏ, ਫਿਰ ਇੱਕ ਸਾਲ ਦੀ ਪੀ.ਜੀ.ਡੀ.ਸੀ.ਏ ਕੀਤੀ। ਇਸ ਤੋਂ ਬਾਅਦ ਐਮ.ਏ ਸੰਗੀਤ ਤੇ ਹੁਣ ਐਮ.ਏ.ਪੰਜਾਬੀ ਦੀ ਸ਼ੀ੍ ਗੁਰੂ ਨਾਨਕ ਕਾਲਜ ਫਿਰੋਜ਼ਪੁਰ ਛਾਉਣੀ ਦੂਜੇ ਸਾਲ ਵਿੱਚ ਕਰ ਰਿਹਾ ਹੈ।
ਸੁਰ, ਅਦਾ, ਤੇ ਸ਼ਬਦ ਦਾ ਸੁਮੇਲ ਹੈਪੀ ਅਰਮਾਨ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਪੰਜਾਬ ਵਿੱਚ ਅੱਜ ਵੀ ਅਜਿਹੇ ਸਰੋਤੇ ਬਹੁਤ ਹਨ ਜੋ ਚੰਗੀ ਸ਼ਾਇਰੀ ਤੇ ਵਧੀਆ ਅੰਦਾਜ਼ ਨੂੰ ਪਸੰਦ ਕਰਦੇ ਹਨ। ਹੁਣੇ ਜਿਹੇ ਰੀਲੀਜ਼ ਹੋਈ ਐਲਬਮ "ਅਰਮਾਨ" ਨਾਲ ਪੂਰੇ ਪੰਜਾਬੀਆਂ ਦਾ ਮਾਨ ਬਣ ਗਿਆ। ਜਦੋਂ ਉਸ ਨਾਲ ਗੱਲ ਹੋਈ ਤਾਂ ਇਸ ਐਲਬਮ ਬਾਰੇ ਪੁਛਿਆ ਗਿਆ ਤਾਂ ਉਹਨਾਂ ਨੂੰ ਖੁਦ ਯਕੀਨ ਨਹੀ ਸੀ ਕਿ ਸਰੋਤੇ ਉਹਨਾਂ ਨੂੰ ਇਹਨਾਂ ਪਿਆਰ ਦੇਣਗੇ। ਪਰ ਗੱਲ ਆ ਡਿੱਗਦੀ ਹੈ ਮਿਹਨਤ ਤੇ। ਬਚਪਨ ਤੋਂ ਹੀ ਸੰਗੀਤ ਦੀ ਚੇਟਕ ਹੋਣ ਕਰ ਕੇ ਸੰਗੀਤ ਦੇ ਵਿਸ਼ੇ ਤੇ ਬਹੁਤ ਅਧਿਐਨ ਕੀਤਾ। ਭਾਵ ਕਿ ਇਸ ਨੂੰ ਬਾਰੀਕੀ ਨਾਲ ਸਿੱਖਣਾ ਸ਼ੁਰੂ ਕਰ ਦਿੱਤਾ। ਤੇ ਅੱਜ ਵੀ ਸਿੱਖ ਰਿਹਾ ਹੈ। ਸ਼ੁਰੂ ਵਿੱਚ ਸੰਗੀਤ ਦੀ ਤਾਲੀਮ ਸਤਿਕਾਰਯੋਗ ਉਸਤਾਦ ਬੂਟਾ ਅਨਮੋਲ ਜੀ ਕੋਲੋਂ ਲਈ। ਤੇ ਉਸ ਤੋਂ ਬਾਅਦ ਕਲਾਸੀਕਲ ਵੋਕਲ ਦੀ ਤਿਆਰੀ ਪੋ੍.ਹਰਪੀ੍ਤ ਸਿੰਘ ਜੀ ਕੋਲ ਕੀਤੀ। ਸੰਗੀਤ ਦੇ ਨਾਲ ਨਾਲ ਇਹਨਾਂ ਨੂੰ ਲਿਖਣ ਦੇ ਹੁਨਰ ਤੋਂ ਵੀ ਪ੍ਮਾਤਮਾ ਨੇ ਵਾਝਾਂ ਨਹੀ ਰੱਖਿਆ। ਉਹਨਾਂ ਆਪਣੇ ਨਾਮ ਦੀ ਸ਼ਬਦ ਬੰਦੀ ਕੁਝ ਇਸ ਤਰਾਂ ਸੁਣਾਈ....
ਹ ਹੌਂਸਲੇ ਦਾ,
ਪ ਪਿਆਰ ਵਾਲੜਾ,
ਵ ਵਿਰਕਾਂ ਦਾ,
ਰ ਰਮਜ਼ ਵਾਲਾ,
ਤੇ ਕ ਹੋ ਗਿਆ ਕਾਲੀ ਯਾਰ ਵਾਲੜਾ...
ਇਹਨਾਂ ਅੱਖਰਾਂ ਚ' ਛੁਪੀ ਹੈਪੀ ਵਿਰਕ ਦੀ ਔਕਾਤ,
ਕੋਈ ਜਾਣ ਸਕੇ ਮੈਨੂੰ ਇਹਡੀ ਵੱਡੀ ਵੀ ਨਹੀ ਬਾਤ.........
ਉਹਨਾਂ ਨੂੰ ਅੱਜ ਵੀ ਇੰਜ ਲਗਦਾ ਹੈ ਕਿ ਅਜੇ ਤਾਂ ਸ਼ੁਰੂਆਤ ਹੈ,ਅਜੇ ਮੰਜ਼ਿਲ ਦੂਰ ਹੈ। ਇਸ ਲਈ ਉਹ ਕਹਿੰਦੇ ਹਨ ਕਿ
ਮੈਂ ਗੂੰਗਾ ਹਾਲੇ ਦਸਾਂ ਕੀ?
ਅਜੇ ਦੱਸਣ ਜੋਗੀ ਬਾਤ ਨਹੀ.....
ਅਜੇ ਝੋਲੀ ਮੇਰੀ ਖਾਲੀ ਹੈ
ਸੁਰ ਸ਼ਬਦਾਂ ਦੀ ਸੌਗ਼ਾਤ ਨਹੀ....
ਪਰ ਮਾਲਿਕ ਦੇ ਘਰ ਘਾਟਾ ਕੀ
ਉਸ ਘਰ ਵਿੱਚ ਕਿਹੜੀ ਦਾਤ ਨਹੀ....
ਕਿਸ ਜੀਅ 'ਤੇ ਉਸ ਦੀ ਮੇਹਰ ਨਹੀ,
ਕਿਸ ਬੂਟੇ ਲਈ ਬਰਸਾਤ ਨਹੀ.......
ਅਹੇ ਸੱਜਦੇ ਵਿੱਚ ਮੈਂ ਬੈਠਾ ਹਾਂ
ਸਿਰ ਚੁੱਕਣ ਦੀ ਔਕਾਤ ਨਹੀ......

ਸਭ ਤੋਂ ਵਧੀਆ ਗੱਲ ਇਹ ਹੈ ਕਿ ਇਹਨਾਂ ਦਾ ਸੁਭਾਅ ਬਹੁਤ ਨਿੱਘਾ ਹੈ। ਇਹਨਾਂ ਨੂੰ ਪਰਮਾਤਮਾ ਨੇ ਹੋਰ ਵੀ ਕਲਾਵਾਂ ਦਾ ਦਾਨ ਬਖ਼ਸ਼ਿਆ ਹੈ ਜਿਹਨਾਂ ਦਾ ਮੈਂ ਅੱਗੇ ਜ਼ਿਕਰ ਕਰਨ ਜਾ ਰਿਹਾ। ਉਸ ਵੇਲੇ ਹੋਰ ਵੀ ਹੈਰਾਨੀ ਹੋਈ ਜਦੋਂ ਪਤਾ ਲਗਾ ਕਿ ਸੰਗੀਤ ਦੇ ਨਾਲ ਨਾਲ ਚਿੱਤਰਕਾਰੀ ਨੂੰ ਵੀ ਹੂਬ-ਹੂ ਪੇਸ਼ ਕਰ ਲੈਦੇਂ ਹਨ। ਉਹਨਾਂ ਦੀਆਂ ਚਿੱਤਰਕਾਰੀ ਵਿੱਚ ਬਹੁਤ ਪਾ੍ਪਤੀਆਂ ਹਨ। ਇਹਨਾਂ ਨੇ ਰੰਗੋਲੀ ਤੇ ਮੂਰਤੀ ਕਲਾ ਵਿੱਚ ਯੂਨੀਵਰਸਿਟੀ ਚੋ' ਗੋਲਡ ਹਾਸਿਲ ਕੀਤਾ ਹੈ। ਇਥੇ ਇਹ ਕਹਿਣਾ ਕਦੇ ਨਹੀ ਭੁਲਦੇ ਕਿ ਆਰ.ਐਸ.ਡੀ ਕਾਲਜ ਪੜਦਿਆਂ ਪੋ੍. ਗੁਰਤੇਜ ਕੋਹਾਰ ਵਾਲਾ ਜੀ ਤੇ ਪੋ੍. ਦਿਕਸ਼ਿਤ ਜੀ ਦੀ ਬਦੌਲਤ ਹੀ ਸਾਰਾ ਕੁਝ ਪਾ੍ਪਤ ਕੀਤਾ ਹੈ। ਇਹਨਾਂ ਸ਼ੌਂਕਾ ਦੇ ਨਾਲ-ਨਾਲ ਇਹ ਹਾਕੀ ਦੇ ਦੋ ਵਾਰ ਸਟੇਟ ਪਲੇਅਰ ਰਹੇ ਹਨ। ਪਰਮਾਤਮਾ ਇਹਨਾਂ ਦੇ ਸਾਰੇ ਹੁਨਰ ਬਰਕਰਾਰ ਰੱਖੇ ਇਹੀ ਸਾਡੀ ਦੁਆ ਹੈ। ਇਹ ਸੀ ਹੈਪੀ ਅਰਮਾਨ ਦੀ ਨਿੱਜੀ ਜ਼ਿੰਦਗੀ ਦੀ ਝਲਕ ਤੇ ਹੁਣ ਗੱਲ ਕਰਦੇ ਹਾਂ ਇਹਨਾਂ ਦੀ ਐਲਬਮ ਅਰਮਾਨ ਬਾਰੇ। ਇਸੇ ਐਲਬਮ ਦੀ ਸ਼ੁਰੂਆਤ ਬੜੇ ਸੋਹਣੇ ਰੂਹਾਨੀ ਗੀਤ ਤੂੰ ਹੂ ਤੂੰ ਤੋਂ ਹੋਈ। ਆਪ ਸਭ ਨੇ ਇਸ ਗੀਤ ਨੂੰ ਬਹੁਤ ਪਸੰਦ ਕੀਤਾ। ਅਜੋਕੇ ਸਮੇਂ ਵਿੱਚ ਅਗਰ ਕੋਈ ਚੰਗੀ ਚੀਜ਼ ਕੰਨੀ ਪੈਦੀਂ ਹੈ ਤਾਂ ਸਕੂਨ ਆਉਣਾ ਸੁਭਾਵਿਕ ਹੈ। ਅਜਿਹਾ ਹੀ ਮੇਰੇ ਨਾਲ ਹੋਇਆ ਜਦੋਂ ਮੈਂ ਗੀਤ ਤੂੰ ਹੀ ਤੂੰ ਨੂੰ ਸੁਣਿਆ। ਇਸ ਦੇ ਬੋਲ ਤੇ ਤਰਜ਼ ਬਹੁਤ ਪਿਆਰੀ ਹੈ,ਸੁਣ ਕਿ ਸੁਰਤੀ ਆਪ ਮੁਹਾਰੇ ਰੱਬ ਨਾਲ ਜਾ ਜੁੜਦੀ ਹੈ। ਮੈਂ ਆਪ ਜੀ ਨਜ਼ਰ ਇਸੇ ਗੀਤ ਦੀਆ ਕੁਝ ਸਤਰਾਂ ਕਰਨ ਜਾ ਰਿਹਾ..
ਪਹਿਲਾ ਸੱਜਦਾ ਉਸ ਰੱਬ ਨੂੰ,
ਜਿਸ ਦੌਲਤ ਦਿੱਤੀ ਸਾਹਾਂ ਦੀ....
ਦੂਜਾ ਸੱਜਦਾ ਇਸ ਧਰਤੀ ਨੂੰ,
ਮੈਂ ਧੂੜ ਹਾਂ ਜਿਸਦੇ ਰਾਹਾਂ ਦੀ....
ਤੀਜਾ ਸੱਜਦਾ ਸੱਭ ਗੁਰੂਆਂ ਨੂੰ,
ਹਰ ਬਖ਼ਸ਼ਿਸ਼ ਜਿਹਨਾਂ ਮਲਾਹਾਂ ਦੀ....
ਚੌਥਾ ਸੱਜਦਾ ਹੈ ਮੇਰੇ ਮਾਪਿਆਂ ਨੂੰ,
ਜਿਹਨਾਂ ਮਾਫ਼ੀ ਦਿੱਤੀ ਗੁਣਾਹਾਂ ਦੀ....
ਪੰਜਵਾਂ ਸੱਜਦਾ ਹੈ ਯਾਰਾਂ ਬੇਲੀਆਂ ਨੂੰ,
ਗਲਵੱਕੜੀ ਨਿੱਘੀਆਂ ਬਾਹਾਂ ਦੀ.....
ਤੇਰਾ ਸ਼ੁਕਰ ਹੈ, ਤੈਨੂੰ ਸੱਜਦਾ ਹੈ, ਤੂੰ ਹੀ ਪਾਲਣਹਾਰ....
ਤੂੰ ਬਣਤ ਬਣਾਵੇਂ,ਤੂੰ ਕਾਜ ਸੰਵਾਰੇ ਤੇ ਤੂੰ ਹੀ ਲਾਵੇਂ ਪਾਰ....
ਤੇਰੀਆ ਤੂੰ ਜਾਣੇ, ਤੈਨੂੰ ਕੌਣ ਜਾਣੇ ਗਏ ਨੇ ਸਭੇ ਹਾਰ....
ਤੂੰ ਮੇਰਾ ਮਾਤਾ ਪਿਤਾ,ਤੂੰ ਮੇਰਾ ਗੁਰੂ ਤੇ ਤੂੰ ਹੀ ਹੈਂ ਮੇਰਾ ਯਾਰ.....
ਤੂੰ ਹੀ ਤੂੰ , ਤੂੰ ਹੀ ਤੂੰ..............
ਇਸ ਰੂਹਾਨੀ ਗੀਤ ਤੋਂ ਬਾਅਦ ਇਹਨਾਂ ਨੌਜਵਾਨ ਪੀੜੀ ਦਾ ਵੀ ਖਿਆਲ ਰੱਖਿਆ ਹੈ ਜਿਸ ਵਿੱਚ ਪਰਿਵਾਰਿਕ ਨੋਕ ਝੋਕ ਦੀ ਬੜੀ ਹਾਸਮਈ ਰਚਨਾ ਪੇਸ਼ ਕੀਤੀ ਹੈ,,,,,ਮੈਂ ਉਸ ਦਾ ਛੋਟਾ ਜਿਹਾ ਨਮੂਨਾ ਪੇਸ਼ ਕਰ ਰਿਹਾ...
ਸੁਰਮੇ ਵਾਲੀ ਅੱਖ ਸੀ ਜੀਹਦੀ ਦਿਲ ਤੇ ਜਾਦੂ ਪਾਉਦੀਂ......
ਜਦੋ ਉਹ ਘਰਵਾਲੀ ਬਣਗੀ ਅੱਖਾਂ ਕੱਢ ਡਰਾਉਦੀਂ......
ਕਦੇ ਬਿਊਟੀ ਪਾਰਲਰ ਕਦੇ ਸਿਨਮੇ ,
ਪੱਟ ਲਿਆ ਰਾਹਦਾਰੀ ਨੇ......
ਮੁੰਡਾ ਹੁੰਦਾ ਸੀ ਚੱਕੀ ਦੇ ਪੁੜ ਵਰਗਾ,
ਦੱਬ ਲਿਆ ਕਬੀਲਦਾਰੀ ਨੇ.....
ਇਸ ਦੇ ਨਾਲ ਗੀਤਕਾਰ ਗੁਰਨਾਮ ਸਿੱਧੂ ਦਾ ਲਿਖਿਆ ਗੀਤ ਬਚਪਨ ਆਪ ਮੁਹਾਰੇ ਹੀ ਬਚਪਨ ਦੀ ਯਾਦ ਦਵਾਉਦਾਂ ਹੈ...ਜਿਸ ਦੀਆ ਸਤਰਾਂ ਹਨ
ਕਾਗਜ਼ ਦੀਆ ਬੇੜੀਆ ਤੇ ਪਾਣੀ ਦਾ ਕਿਨਾਰਾ ਸੀ,
ਖੇਡਣ ਦੀਆਂ ਉਮਰਾਂ ਸਨ, ਦਿਲ ਵੀ ਆਵਾਰਾ ਸੀ.........
ਕੱਚਾ ਜਿਹਾ ਘਰ,ਬੂਹੇ ਤੇ ਡਿਓੜੀ , ਬੱਲਦਾਂ ਦੀ ਜੋੜੀ ਸੀ,
ਕਿੱਲਾ ਕੁ ਕਣਕ ਵਿੱਚ ਹੁੰਦਾ ਟੱਬਰ ਦਾ ਗੁਜਾਰਾ ਸੀ......
ਚਾਟੀ ਵਾਲੀ ਲੱਸੀ. ਕੁੱਜੇ ਵਿੱਚੋ ਦਹੀ, ਤੌੜੀ ਵਾਲਾ ਸਾਗ.
ਕਾੜਣੀ ਦਾ ਦੁੱਧ ਪੀਣਾ, ਗਰਮ ਬੇਬੇ ਜੀ ਦਾ ਹਾਰਾ ਸੀ........

ਇਹਨਾਂ ਪ੍ਦੇਸੀ ਵੀਰਾਂ ਦੇ ਦੁੱਖ ਨੂੰ ਵੀ ਬੜੇ ਸੁਚੱਜੇ ਢੰਗ ਨਾਲ ਪੇਸ਼ ਕੀਤਾ ਹੈ...ਉਸ ਦੀਆ ਸਤਰਾਂ ਇਸ ਤਰਾਂ ਹਨ...
ਜਿਹੜੇ ਪ੍ਦੇਸੀ ਵੱਸਦੇ ਉਹ ਤਾਂ ਉਪਰੋਂ ਹੀ ਹੱਸਦੇ,
ਸੀਨੇ ਵਿੱਚ ਦਰਦ ਲਕਾਉਦੇਂ, ਚੀਸ ਤਾ ਪੈਦੀਂ ਏ, ਪਾਣੀ ਨੂੰ ਪੱਤਣਾ ਦੀ ਪ੍ਦੇਸੀ ਨੂੰ ਵੱਤਣਾਂ ਦੀ ਤਾਂਘ ਤਾਂ ਰਹਿੰਦੀ ਏ.....
ਅਜਿਹੇ ਗੀਤਾਂ ਨਾਲ ਸ਼ਿਗਾਰੀ ਐਲਬਮ ਅਰਮਾਨ ਦਾ ਚਰਚਾ ਚ' ਆਉਣਾਂ ਸੁਭਾਵਿਕ ਹੀ ਸੀ। ਇਸ ਵਿੱਚ ਪੰਜਾਬ ਦੀਆਂ ਬਹੁਤ ਸਾਰੀਆਂ ਕਲਮਾਂ ਸ਼ਾਮਿਲ ਕੀਤੀਆਂ ਗਈਆ ਹਨ। ਜਿਵੇ ਕਿ ਪੋ੍.ਗੁਰਤੇਜ ਕੋਹਾਰ ਵਾਲਾ, ਪੋ੍ ਜਸਪਾਲ ਘਈ, ਗੁਰਨਾਮ ਸਿੱਧੂ, ਅਨਿਲ ਆਦਮ, ਜੀਤ ਸਿੱਧੂ, ਸੁਖਵਿੰਦਰ ਅੰਮਿ੍ਤ, ਜਸਵਿੰਦਰ ਸੰਧੂ, ਸੁਨੀਲ ਚੰਦਿਆਣਵੀਂ,ਪੀ੍ਤ ਇੰਗਲੈਂਡ,ਹੈਪੀ ਅਰਮਾਨ , ਇੰਦਰਜੀਤ ਪੁਰੇਵਾਲ ਤੇ ਹੋਰ।
ਹੈਪੀ ਅਰਮਾਨ ਉਚੇਚੇ ਤੌਰ ਤੇ ਗੀਤਕਾਰ ਗੁਰਨਾਮ ਸਿੱਧੂ ਜੀ, ਹਰਿੰਦਰ ਭੁੱਲਰ ਜੀ ਤੇ ਆਨੰਦ ਮਿਊਜ਼ਿਕ ਕੰਪਨੀ ਤੋਂ ਮੁਕੇਸ਼ ਸਿੰਗਲਾ ਜੀ ਦੇ ਬਹੁਤ ਧੰਨਵਾਦੀ ਹਨ। ਸਾਡੀ ਦੁਆ ਹੈ ਕਿ ਹੈਪੀ ਅਰਮਾਨ ਹਮੇਸ਼ਾ ਚੜਦੀ ਕਲਾ ਚ' ਰਹੇ।
ਡੀ.ਪੀ.ਸਿੰਘ ਭੁੱਲਰ

No comments:

Post a Comment