ਸਤਿੰਦਰ ਸਰਤਾਜ ਦੀ ਨਵੀਂ ਸੰਗੀਤਕ ਪਰਵਾਜ਼- ਚੀਰੇ ਵਾਲਾ ਸਰਤਾਜ

ਹਰਿੰਦਰ ਭੁੱਲਰ ਫ਼ਿਰੋਜ਼ਪੁਰ
ਸੁਰ ਅਤੇ ਸ਼ਬਦ ਦਾ ਸੁਮੇਲ ਸਤਿੰਦਰ ਸਰਤਾਜ ਅੱਜ ਭਾਰਤ ਦੇ ਹਰ ਇੱਕ ਰਾਜ ਅਤੇ ਦੁਨੀਆਂ ਦੇ ਹਰ ਇੱਕ ਭਾਗ ਵਿੱਚ ਪੰਜਾਬੀਆਂ ਵਿੱਚ ਸਭ ਤੋਂ ਵੱਧ ਸੁਣਿਆਂ ਤੇ ਮਾਣਿਆਂ ਜਾਣ ਵਾਲਾ
ਗਾਇਕ ਹੈ। ਜੋ ਸਰੋਤੇ ਉਸਦੇ ਪਿਛੋਕੜ ਬਾਰੇ ਜਾਨਣਾ ਚਾਹੁੰਦੇ ਹਨ ਉਹਨਾਂ ਦੀ ਜਾਣਕਾਰੀ ਲਈ ਉਸਦਾ ਜੱਦੀ ਪਿੰਡ ਬਜਰੌਰ ਨੇੜੇ ਚੱਬੇਵਾਲ ਜ਼ਿਲਾ ਹੁਸ਼ਿਆਰਪੁਰ ਅਤੇ ਪਰਿਵਾਰ ਵਿੱਚ ਪਿਤਾ ਸ. ਬਲਵਿੰਦਰ ਸਿੰਘ, ਮਾਤਾ ਸ੍ਰੀਮਤੀ ਸਤਨਾਮ ਕੌਰ ਤੇ ਵੱਡਾ ਭਰਾ ਕੁਲਤਾਰ ਸਿੰਘ ਹੈ। ਮੁੱਢਲੀ ਪੜਾਈ ਪਿੰਡ ਤੋਂ, ਬੀ.ਏ. ਸਰਕਾਰੀ ਕਾਲਜ ਹੁਸ਼ਿਆਰਪੁਰ ਅਤੇ ਉਸਤੋਂ ਬਾਅਦ ਉਸਨੇ ਐਮ.ਏ. ਸੰਗੀਤ ਕਰਨ ਲਈ 1999 'ਚ ਪੰਜਾਬ ਯੂਨੀਵਰਸਿਟੀ ਚੰਡੀਗੜ• ਵਿਖੇ ਦਾਖਲਾ ਲੈ ਲਿਆ। ਐਮ.ਏ. ਪੰਜਾਬੀ ਕਰਨ ਤੋਂ ਬਾਅਦ ਉਸ ਨੇ ਐਮ. ਫਿਲ ਵਿੱਚ 'ਪੰਜਾਬ ਦੀ ਸੂਫ਼ੀ ਗਾਇਨ ਪ੍ਰੰਪਰਾ' ਵਿਸ਼ਾ ਰੱਖਿਆ ਅਤੇ ਫਿਰ ਐਮ. ਫਿਲ ਦੇ ਨਾਲ-ਨਾਲ ਫ਼ਾਰਸੀ ਸਰਟੀਫਿਕੇਟ ਕੋਰਸ ਅਤੇ ਫਿਰ ਫ਼ਾਰਸੀ ਦਾ ਡਿਪਲੋਮਾ ਹਾਸਿਲ ਕੀਤਾ। ਇਸ ਉਪਰੰਤ ਉਸਨੇ ਪੀ. ਐਚ. ਡੀ. ਵਿੱਚ 'ਸੂਫ਼ੀ ਗਾਇਨ ਪੰਰਪਰਾ ਦਾ ਸਾਹਿਤਕ ਅਤੇ ਸੰਗੀਤਆਤਮਕ ਅਧਿਐਨ' ਵਿਸ਼ਾ ਰੱਖਿਆ ਅਤੇ 2006 ਵਿਚ ਉਹ ਆਪਣੀ ਪੀ.ਐਚ.ਡੀ. ਕਰਨ ਤੋਂ ਬਾਅਦ ਸਤਿੰਦਰ ਸਰਤਾਜ ਤੋਂ 'ਡਾ. ਸਤਿੰਦਰ ਸਰਤਾਜ' ਬਣ ਗਿਆ। ਇਸ ਤਰਾਂ ਤਰਾਂ ਉਸ ਦੀਆਂ ਸਾਰੀਆਂ ਅਧਿਐਨ ਸਰਗਰਮੀਆਂ ਇਹਨਾਂ ਵਿਸ਼ਿਆਂ 'ਤੇ ਕੇਂਦਰਿਤ ਰਹੀਆਂ। ਉਸਨੇ ਸੂਫ਼ੀ ਕਾਵਿ ਨੂੰ ਕਾਫ਼ੀ ਧਿਆਨ ਨਾਲ ਪੜਿਆ ਅਤੇ ਪੜਾਇਆ ਹੈ। ਉਸਦੇ ਖੋਜ ਕਾਰਜ ਵਿੱਚ ਕਿੰਨੀ ਕੁ ਡੂੰਘਿਆਈ ਹੋਵੇਗੀ ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਦੁਨੀਆਂ ਦੇ ਦੂਜੇ ਸਭ ਤੋਂ ਵੱਡੇ ਪਬਲਿਸ਼ਿੰਗ ਹਾਊਸ 'ਪੀਅਰਸਨ' ਨੇ ਉਸਦੇ ਪੀ.ਐਚ.ਡੀ. ਦੇ ਥੀਸਿਸ ਦੀ 'ਹਾਰਡ ਕਾਪੀ' ਉਚੇਚੇ ਤੌਰ ਤੇ ਅੰਗਰੇਜ਼ੀ 'ਚ ਅਨੁਵਾਦ ਕਰਨ ਲਈ ਦਿੱਲੀਓਂ ਆਪਣਾ ਇੱਕ ਪ੍ਰਤੀਨਿਧ ਭੇਜਕੇ ਉਸਤੋਂ ਪ੍ਰਾਪਤ ਕੀਤੀ ਹੈ। ਉਸਦੀ ਲੇਖਣੀ ਵਿੱਚ ਕਿਧਰੇ ਵੀ ਕੱਚ-ਪੁਣਾ ਜਾਂ ਨਹੀਂ ਝਲਕਦਾ, ਇਹ ਉਸਦੀ ਸੁਰ ਅਤੇ ਸਾਹਿਤ ਸਾਧਨਾ ਦਾ ਹੀ ਨਤੀਜਾ ਹੈ ਕਿ ਉਸਨੇ ਆਪਣਾ ਇੱਕ ਨਿੱਜੀ ਛੰਦ 'ਸਰਤਾਜ' ਬਣਾਇਆ ਹੈ। ਉਸਦੇ ਇਸੇ ਛੰਦ ਦੀ ਇੱਕ ਉਦਾਹਰਣ ਉਸਦੀ ਪਹਿਲੀ ਟੇਪ 'ਸਰਤਾਜ' ਵਿਚਲੇ ਇੱਕ ਗੀਤ ਤੋਂ ਮਿਲਦੀ ਹੈ ਜੋ ਇਸ ਪ੍ਰਕਾਰ ਹੈ..
'ਜੇ ਕੋਈ ਦੱਸੇ ਗੱਲ ਤਜਰਬੇ ਵਾਲੀ ਤਾਂ ਸੁਣ ਲਈਏ, ਗਲ ਨਾ ਪਈਏ
ਬਣ ਜਾਈਏ ਉਸਤਾਦ ਜੀ ਭਾਵੇਂ, ਤਾਂ ਵੀ ਸਿੱਖਦੇ ਰਹੀਏ, ਨੀਵੇਂ ਬਹੀਏ'

ਉਸਨੇ ਪੰਜਾਬੀ ਗਾਇਕੀ ਦੇ ਇਤਿਹਾਸ ਅਤੇ ਪ੍ਰੰਪਰਾ ਨੂੰ ਕਾਇਮ ਰੱਖਿਆ ਹੈ, ਉਸਦੀ ਸ਼ਾਇਰੀ ਸਪੱਸ਼ਟ ਅਤੇ ਆਮ ਲੋਕਾਂ ਦੇ ਮਨਾਂ ਵਿੱਚ ਉਤਰਨ ਵਾਲੀ ਹੈ ਜਿਸਦੀ ਇੱਕ ਮਿਸਾਲ ਪੇਸ਼ ਹੈ-
“ਚੋਅ ਦੀ ਟਾਹਲੀ ਬੜੀ ਨਰੋਈ ਸੁੱਕਦੀ ਛੇਤੀ ਨਾ
ਕੜਬ ਕੁਤਰਨੀ ਕਰ ਲੈ ਤੇਜ਼ ਗੰਡਾਸੇ ਰੇਤੀ ਨਾ
ਮੁੱਲ ਓਨਾ ਹੀ ਮਿਲਣਾ ਕਣਕ ਤੂੰ ਬੀਜ ਅਗੇਤੀ ਨਾ
ਬੀ ਬਾਹਲੇ ਨੇ ਮਹਿੰਗੇ ਜੇਬ ਰੁਪਈਏ ਤੇਤੀ ਨਾ
ਬਾਥੂ, ਗੁੱਲੀ-ਡੰਡੇ ਤੋਂ ਤੂੰ ਯਾਰਾ ਭੇਤੀ ਨਾ
ਬੜੇ-ਬੜੇ ਵਿਗਿਆਨੀ ਕਰ ਸਕਦੇ ਖੇਤੀ ਨਾ”

ਜ਼ਿੰਦਗੀ ਦੀਆਂ ਸੱਚਾਈਆਂ ਦੀ ਬਾਤ ਪਾਉਂਦਿਆਂ ਉਸ ਦੇ ਸੁਰੀਲੇ ਬੋਲ ਲੋਕਾਂ ਦੇ ਧੁਰ ਅੰਦਰ ਆਪ ਮੁਹਾਰੇ ਚਲੇ ਜਾਂਦੇ ਹਨ। ਉਸਦੀ ਆਵਾਜ਼ ਵਿੱਚ ਸੁਹਜ ਅਤੇ ਗਹਿਰਾਈ ਸਾਫ਼ ਝਲਕਦੀ ਹੈ। ਮੌਜੂਦਾ ਸਮੇਂ 'ਚ ਉਹ ਪੰਜਾਬੀ ਮਹਿਫ਼ਿਲਾਂ ਦਾ ਜਾਦੂਗਰ ਹੈ ਜਿਸ ਦੇ ਬੋਲਾਂ ਨੂੰ ਸੁਣਨ ਲਈ ਲੋਕ ਭੱਜੇ ਆਉਂਦੇ ਹਨ। ਜ਼ਿੰਦਗੀ ਦੇ ਹਰ ਇੱਕ ਵਿਸ਼ੇ ਨੂੰ ਉਸ ਨੇ ਆਪਣੀ ਕਲਮ ਦੇ ਕਲਾਵੇ ਵਿੱਚ ਲਿਆਂਦਾ ਹੋਇਆ ਹੈ, ਜਿੱਥੇ 'ਸਾਈਂ' ਵਰਗਾ ਰੂਹਾਨੀਅਤ ਦੀ ਗੱਲ ਕਰਦਾ ਗੀਤ ਉਸਨੇ ਉਪਜਿਆ ਹੈ ਉੱਥੇ ਯੂਨੀਵਰਸਿਟੀ ਦੇ ਦਿਨਾਂ ਦੇ ਆਪਣੇ ਸਾਥੀ ਗੋਆ ਦੇ ਨੰਬਰ ਜੀ.ਏ. 01-ਐਚ-7188 ਵਾਲੇ ਮਹਿਰੂਨ ਰੰਗ ਦੇ ਯਾਮੇ ਲਈ ਪਿਆਰ ਵਜੋਂ ਉਸਨੇ
'ਅੱਧੀ ਕਿੱਕ 'ਤੇ ਸਟਾਰਟ ਮੇਰਾ ਯਾਮਾ ਨੀਂ ਹੋਰ ਦੱਸ ਕੀ ਭਾਲਦੀ
ਪਾ ਲਈ ਜੀਨ ਪਰਾਂ ਰੱਖ ਤਾ ਪਜਾਮਾ ਨੀਂ ਹੋਰ ਦੱਸ ਕੀ ਭਾਲਦੀ।'

ਵਰਗਾ ਹਲਕਾ-ਫੁਲਕਾ ਗੀਤ ਵੀ ਰਚਿਆ ਹੈ ਜਿਸਨੂੰ ਕਿ ਉਸਨੇ ਆਪਣੀ ਇਸ ਦੂਸਰੀ ਐਲਬਮ 'ਚੀਰੇ ਵਾਲਾ ਸਰਤਾਜ ਵਿੱਚ ਉਚੇਚੇ ਤੌਰ 'ਤੇ ਸ਼ਾਮਲ ਕੀਤਾ ਹੈ, ਗੱਲ ਕੀ ਉਸਦੇ ਗੀਤ ਜ਼ਿੰਦਗੀ ਦੇ ਹਰ ਰੰਗ ਦੀਆਂ ਬਾਤਾਂ ਪਾਉਂਦੇ ਹਨ। ਸਟੇਜੀ ਪੇਸ਼ਕਾਰੀ ਸਮੇਂ ਕਿਧਰੇ ਵੀ ਕੋਈ 'ਕੱਚਪੁਣਾ' ਨਹੀਂ ਰਹਿਣ ਦਿੰਦਾ। ਸਟੇਜੀ ਪ੍ਰੋਗ੍ਰਾਮਾਂ ਦੌਰਾਨ ਉਸਦਾ ਪਹਿਰਾਵਾ ਅਤੇ ਅੰਦਾਜ਼ ਉਸਨੂੰ ਆਮ ਪੰਜਾਬੀ ਗਾਇਕਾਂ ਨਾਲੋਂ ਇੱਕ ਵੱਖਰੀ ਹੀ ਦਿੱਖ ਪ੍ਰਦਾਨ ਕਰਦਾ ਹੈ। ਬਹੁ-ਗਿਣਤੀ ਸਰੋਤਿਆਂ 'ਚ ਇਹ ਵੀ ਜਾਨਣ ਦੀ ਬੜੀ ਪ੍ਰਬਲ ਇੱਛਾ ਹੈ ਕਿ ਆਪਣੀ ਮਹਿਫ਼ਿਲ ਦੌਰਾਨ ਸਤਿੰਦਰ ਜੋ ਆਪਣੀ ਦਸਤਾਰ ਉੱਪਰ ਇੱਕ ਵਿਸ਼ੇਸ਼ ਕਿਸਮ ਦਾ ਗਹਿਣਾ ਪਹਿਨਦਾ ਹੈ ਆਖਿਰ ਉਹ ਹੈ ਕੀ? ਸੋ ਉਹਨਾਂ ਦੀ ਜਗਿਆਸਾ ਸ਼ਾਂਤੀ ਲਈ ਦੱਸ ਦਿੰਦਾ ਹਾਂ ਕਿ ਆਪਣੀ ਪੜਾਈ ਦੇ ਖੋਜ ਕਾਰਜ ਅਧੀਨ ਉਸਨੇ ਇਰਾਨ ਦੇ ਸਾਹਿਤ ਅਤੇ ਸੱਭਿਆਚਾਰ ਬਾਰੇ ਜਦੋਂ ਪੜਚੋਲ ਕੀਤੀ ਤਾਂ ਉਸਨੂੰ ਇਸ ਗਹਿਣੇ ਬਾਰੇ ਪਤਾ ਲੱਗਾ, ਇਸ ਗਹਿਣੇ ਦਾ ਨਾਂ ਹੈ 'ਸਰਪੇਚ' ਜਿਸ ਨੂੰ ਕਿ ਇਰਾਨ ਦੇਸ਼ ਦੇ ਲੋਕ ਆਪਣੀਆਂ ਰਵਾਇਤੀ ਪਗੜੀਆਂ 'ਤੇ ਸਜਾਇਆ ਕਰਦੇ ਸਨ, ਸੋ ਉਸਨੇ ਆਪਣੀਆਂ ਮਹਿਫ਼ਿਲਾਂ ਲਈ ਖਾਸ ਤੌਰ 'ਤੇ ਇਸ ਗਹਿਣੇ ਨੂੰ ਤਿਆਰ ਕਰਵਾਇਆ। ਇਹ ਵੀ ਇੱਕ ਅਲੋਕਾਰੀ ਗੱਲ ਹੈ ਕਿ ਉਸ ਨੇ ਇਸ ਖੇਤਰ 'ਚ ਕਿਸੇ ਨੂੰ ਉਸਤਾਦ ਨਹੀੰ ਧਾਰਿਆ ਬਸ ਲਗਾਤਾਰ ਕੀਤੇ ਰਿਆਜ਼ ਨੇ ਹੀ ਉਸਦੇ ਗਲੇ ਨੂੰ ਸੁਰੀਲਾਪਣ ਬਖਸ਼ਿਆ ਹੈ। ਛੋਟੇ ਹੁੰਦਿਆਂ ਗੁਰਦੁਆਰੇ ਸ਼ਬਦ ਕੀਰਤਨ ਕਰਨ ਅਤੇ ਬਾਅਦ 'ਚ ਸਕੂਲ ਕਾਲਜ ਅਤੇ ਯੂਨੀਵਰਸਿਟੀ 'ਚ ਕਈ ਮੁਕਾਬਲੇ ਜਿੱਤਦਿਆਂ ਉਹ ਪੜਾਅ ਦਰ ਪੜਾਅ ਇਸ ਮੁਕਾਮ 'ਤੇ ਪਹੁੰਚਿਆ ਹੈ। ਆਪਣੀ ਆਵਾਜ਼ ਅਤੇ ਆਪਣੇ ਗਲੇ ਪ੍ਰਤੀ ਉਹ ਕਿੰਨਾਂ ਕੁ ਗੰਭੀਰ ਹੈ ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਪਿਛਲੇ 18 ਵਰਿਆਂ ਤੋਂ ਉਸਨੇ ਕਦੇ ਵੀ ਕਿਸੇ ਬਜ਼ਾਰੀ ਵਸਤੂ ਜੋ ਉਸਦੀ ਆਵਾਜ਼ ਨੂੰ ਪ੍ਰਭਾਵਿਤ ਕਰੇ ਦਾ ਸਵਾਦ ਵੀ ਨਹੀਂ ਚਖਿਆ ਹੈ। ਉਸ ਦਾ ਰਹਿਣ ਸਹਿਣ ਅਤੇ ਖਾਣ-ਪੀਣ ਅਤਿ ਦਰਜੇ ਦਾ ਸਾਦਾ ਤੇ ਉਸਦੀ ਖੁਰਾਕ ਵਿੱਚ ਘਰ ਦੀ ਬਣੀ ਮੂੰਗੀ ਮਸਰਾਂ ਦੀ ਦਾਲ ਅਤੇ ਤਿੰਨ ਰੋਟੀਆਂ ਸ਼ਾਮਿਲ ਹਨ। 2003 'ਚ ਜ਼ੀ ਪੰਜਾਬੀ ਦੇ ਮੁਕੇਸ਼ ਗੌਤਮ ਤੇ ਬਲਵਿੰਦਰ ਸਿੰਘ ਨੇ ਮਿਲ ਕੇ ਸੂਫ਼ੀ ਗਾਇਕੀ 'ਤੇ ਆਧਾਰਿਤ ਇੱਕ ਪ੍ਰੋਗ੍ਰਾਮ 'ਸਜਦਾ' ਦਾ ਨਿਰਮਾਣ ਕੀਤਾ ਅਤੇ ਬਲਵਿੰਦਰ ਵੀ ਪੀ. ਐਚ. ਡੀ. ਸੂਫ਼ੀ ਸੰਗੀਤ ਦੀ ਕਰਦਾ ਹੋਣ ਕਰਕੇ ਸਰਤਾਜ ਨੂੰ ਜਾਣਦਾ ਸੀ ਅਤੇ ਉਸਦੇ ਯਤਨਾਂ ਸਦਕਾ ਸਤਿੰਦਰ ਉਸ ਪ੍ਰੋਗ੍ਰਾਮ ਦਾ ਹਿੱਸਾ ਬਣਿਆ। ਇਸ ਪ੍ਰੋਗ੍ਰਾਮ ਵਿੱਚ ਸਤਿੰਦਰ ਨੇ ਪੰਰਪਰਿਕ ਸੂਫ਼ੀ ਪੁਸ਼ਾਕ ਪਾ ਕੇ ਅਤੇ ਪਗੜੀ ਵਿੱਚੋਂ ਪਿੱਛੇ ਵਾਲ ਬਾਹਰ ਕੱਢ ਕੇ ਇੱਕ ਗੀਤ 'ਸਾਈਂ' ਗਾਇਆ ਜਿਸ ਨੂੰ ਬੇ-ਹੱਦ ਪਸੰਦ ਕੀਤਾ ਗਿਆ। ਉਸਦਾ ਇਹ ਭੇਸ ਅਤੇ ਅੰਦਾਜ਼ ਉਸ ਨੂੰ ਐਨਾ ਜਚਿਆ ਕਿ ਉਸਨੇ ਪੱਕੇ ਤੌਰ 'ਤੇ ਹੀ ਭਵਿੱਖ ਵਿੱਚ ਇਸ ਭੇਸ ਵਿੱਚ ਪ੍ਰੋਗ੍ਰਾਮ ਕਰਨੇ ਸ਼ੁਰੂ ਕਰ ਦਿੱਤੇ।
ਇਹ ਪੰਜਾਬੀ ਗਾਇਕੀ ਦੇ ਇਤਿਹਾਸ ਵਿੱਚ ਸ਼ਾਇਦ ਪਹਿਲੀ ਵਾਰ ਹੀ ਹੋਇਆ ਹੋਵੇਗਾ ਕਿ ਮਹਿਜ਼ ਇੱਕ ਟੇਪ ਨਾਲ ਹੀ ਇੱਕ ਗਵੱਈਆ ਗਾਇਕੀ ਦੇ ਸਿਖ਼ਰ 'ਤੇ ਪਹੁੰਚ ਜਾਵੇ। ਇਹ ਲੋਕਾਂ ਦੀ ਉਸ ਪ੍ਰਤੀ ਮੁਹੱਬਤ ਦਾ ਹੀ ਸਬੂਤ ਹੈ ਕਿ ਬੀਤੇ ਵਰ•ੇ ਮਾਰਕੀਟ ਵਿੱਚ ਆਈ ਉਸਦੀ ਪਹਿਲੀ ਟੇਪ 'ਸਰਤਾਜ' ਨੇ ਪਾਇਰੇਸੀ ਦੇ ਇਸ ਯੁੱਗ ਵਿੱਚ ਵੀ ਵਿੱਕਰੀ ਪੱਖੋਂ ਨਵੇਂ ਕੀਰਤੀਮਾਨ ਸਥਾਪਿਤ ਕੀਤੇ। ਇੱਕ ਮੋਟੇ ਜਿਹੇ ਅੰਦਾਜ਼ੇ ਮੁਤਾਬਿਕ ਉਸਦੀ ਇਸ ਟੇਪ ਦੀਆਂ ਹੁਣ ਤੱਕ ਢਾਈ ਲੱਖ ਦੇ ਕਰੀਬ ਅਸਲੀ ਸੀ.ਡੀਜ਼ ਵਿਕ ਚੁੱਕੀਆਂ ਹਨ।
ਇਸ ਐਲਬਮ ਦੀ ਇਤਿਹਾਸਕ ਸਫ਼ਲਤਾ ਤੋਂ ਲਗਭਗ ਇੱਕ ਵਰੇ ਬਾਅਦ ਉਹ ਇਹਨੀਂ ਦਿਨੀ ਸਪੀਡ ਰਿਕਾਰਡਜ਼ ਅਤੇ ਨਿਰਮਾਤਾ ਦਿਨੇਸ਼ ਦੀ ਪੇਸ਼ਕਸ਼ ਹੇਠ ਆਪਣੀ ਦੂਸਰੀ ਸੰਗੀਤਕ ਐਲਬਮ 'ਚੀਰੇ ਵਾਲਾ ਸਰਤਾਜ' ਲੈ ਕੇ ਹਾਜ਼ਰ ਹੋਇਆ ਹੈ ਜੋ ਇੱਕੋ ਵੇਲੇ ਪੂਰੀ ਦੁਨੀਆਂ ਵਿੱਚ ਰਿਲੀਜ਼ ਕੀਤੀ ਗਈ ਹੈ। ਆਰਥਿਕ ਮੰਦੀ ਨਾਲ ਜੂਝ ਰਹੀ ਸੰਗੀਤ ਸਨਅਤ ਲਈ ਇਹ ਗੱਲ ਕਿਸੇ ਕ੍ਰਿਸ਼ਮੇ ਤੋਂ ਘੱਟ ਨਹੀਂ ਜਾਪਦੀ ਕਿ ਇਹ ਐਲਬਮ ਰਿਲੀਜ਼ ਹੋਣ ਦੇ ਇੱਕ ਹਫ਼ਤੇ ਵਿੱਚ ਵਿੱਚ ਹੀ ਵਿੱਕਰੀ ਪੱਖੋਂ 50000 ਦਾ ਅੰਕੜਾ ਪਾਰ ਕਰ ਚੁੱਕੀ ਹੈ। ਇਸ ਐਲਬਮ ਦੀ ਮੰਗ ਅਤੇ ਪੂਰਤੀ ਵਿੱਚ ਸੰਤੁਲਨ ਕਾਇਮ ਰੱਖਣ ਲਈ ਕੰਪਨੀਂ ਨੂੰ ਦੋ-ਤਿੰਨ ਜਗਾ ਤੋਂ ਇਸ ਦਾ ਮਾਲ ਤਿਆਰ ਕਰਵਾਉਣਾ ਪੈ ਰਿਹਾ ਹੈ।
ਸਰਤਾਜ ਦੀ ਇਸ ਐਲਬਮ ਵਿੱਚ ਉਸ ਦੁਆਰਾ ਰਚਿਤ ਕੁੱਲ 10 ਗੀਤ ਅਤੇ ਇੱਕ ਫ਼ਾਰਸੀ ਦਾ ਸ਼ੇਅਰ ਸ਼ਾਮਿਲ ਹੈ। ਇਸ ਐਲਬਮ ਵਿਚਲੇ ਗੀਤਾਂ ਨੂੰ ਇੱਕ ਵਾਰ ਫਿਰ 'ਸਰਤਾਜ' ਟੇਪ ਦੇ ਸੰਗੀਤਕਾਰ ਜਤਿੰਦਰ ਸ਼ਾਹ ਨੇ ਹੀ ਸੰਗੀਤਬੱਧ ਕੀਤਾ ਹੈ। ਟੇਪ ਦਾ ਟਾਈਟਲ ਗੀਤ 'ਚੀਰੇ ਵਾਲਾ ਸਰਤਾਜ' ਸਤਿੰਦਰ ਦਾ ਸਭ ਤੋਂ ਪਹਿਲਾ ਉਹ ਗੀਤ ਹੈ ਜਿਸ ਰਾਹੀਂ ਉਸਨੇ ਆਪਣੀ ਗੀਤਕਾਰੀ ਸਫ਼ਰ ਦਾ ਆਗਾਜ਼ ਕੀਤਾ ਸੀ। ਸ਼ਾਇਰੀ ਪੱਖੋਂ ਉੱਤਮ ਇਸ ਗੀਤ ਦੀਆਂ ਕੁਝ ਸਤਰਾਂ ਨਮੂਨੇ ਵਜੋਂ ਪੇਸ਼ ਹਨ-
ਮੇਰਿਆ ਚੰਨਣਾਂ, ਚੰਨਣਾਂ ਵੇ ਦੱਸ ਤੂੰ ਕੀਕਣ ਮੰਨਣਾਂ
ਕਾਹਤੋਂ ਲਾਈਆਂ ਨੇ ਦੇਰਾਂ ਵੇ ਮੈਂ ਅੱਥਰੂ ਪਈ ਕੇਰਾਂ
ਤੈਨੂੰ ਵਾਜਾਂ ਪਈ ਮਾਰਾਂ ਮੇਰੀਆਂ ਮਿੰਨਤਾਂ ਹਜ਼ਾਰਾਂ
ਪਾਣੀ ਰਾਵੀ ਦਾ ਵਗਦੈ ਤੇਰਾ ਚੇਤਾ ਵੀ ਠੱਗਦੈ
ਤੇਰਾ ਚੀਰਾ ਰੰਗਵਾਵਾਂ ਬਣ ਕੇ ਸ਼ੀਸ਼ਾ ਬਹਿ ਜਾਵਾਂ ਤੇਰੇ ਸਾਹਵੇਂ ਓ ਚੰਨਣਾਂ
ਇਸ ਗੀਤ ਦਾ ਕਲਾਤਮਕ ਵੀਡੀਓ ਉੱਘੇ ਵੀਡੀਓ ਨਿਰਦੇਸ਼ਕ ਕਲੌਸਿਸ ਦੁਆਰਾ ਨਿਰਦੇਸ਼ਤ ਕੀਤਾ ਹੈ ਜੋ ਕਿ ਅੱਜ-ਕੱਲ• ਵੱਖ-ਵੱਖ ਚੈਨਲਾਂ ਉੱਪਰ ਦਰਸ਼ਕਾਂ ਨੂੰ ਨਜ਼ਰੀਂ ਪੈ ਰਿਹਾ ਹੈ।
ਇਸ ਟੇਪ ਦੇ ਸਾਰੇ ਗੀਤ ਹੀ ਵੈਸੇ ਤਾਂ ਸਰਤਾਜ ਦੇ ਦਿਲ ਦੇ ਕਰੀਬ ਹਨ ਪਰ ਫਿਰ ਵੀ ਟੇਪ ਦਾ ਦੂਜਾ ਗੀਤ 'ਦਿਲ ਸਭ ਦੇ ਵੱਖਰੇ' ਉਸਨੂੰ ਬੇ-ਹੱਦ ਪਸੰਦ ਹੈ ਇਸ ਦਾ ਕਾਰਨ ਪੁੱਛਣ 'ਤੇ ਉਸਨੇ ਦੱਸਿਆ ਕਿ ਇੱਕ ਤਾਂ ਇਸ ਗੀਤ ਦੀ ਛੰਦਬੰਦੀ 72 ਕਲੀਆ ਛੰਦ ਵਰਗੀ ਹੈ ਤੇ ਦੂਜਾ ਗੀਤਕਾਰੀ ਦੇ ਵਿੱਚ ਇਹੋ ਜਿਹੇ ਵਿਚਾਰ ਉਸਤੋਂ ਵੀ ਕਦੇ ਘੱਟ ਹੀ ਲਿਖੇ ਗਏ ਹਨ।ਸੋ ਪੇਸ਼ ਹਨ ਇਸ ਗੀਤ ਦੀਆਂ ਕੁਝ ਸਤਰਾਂ-
ਮੁੱਲ ਮੰਗਿਆ ਕਾਲਖ ਦਾ ਜਦੋਂ ਇਸ ਮੱਸਿਆ
ਧਰੂ ਵੀ ਹੱਸਿਆ ਵੇਖ ਕੇ ਭਾਣਾ ਕੋਈ ਮਰ ਜਾਣਾ ਅੱਗੇ ਨੀਂ ਆਇਆ
ਪਰਛਾਵੇਂ ਨੂੰ ਪੁੱਛਿਆ ਵੇ ਤੂੰ ਤਾਂ ਆ ਜਾ, ਵੇ ਸਾਥ ਨਿਭਾ ਜਾ
ਤੇ ਅੱਗਿਉਂ ਉਸਨੇ ਜਵਾਬ ਸੁਣਾਇਆ
ਸਾਡੀ ਕੀ ਹਸਤੀ ਜੀ, ਅਸੀਂ ਤਾਂ ਹਾਏ ਚਾਨਣ ਦੇ ਜਾਏ
ਓਹਦੇ ਸੰਗ ਜੰਮੀਏਂ ਓਹਦੇ ਸੰਗ ਮਰੀਏ
ਦਿਲ ਸਭ ਦੇ ਵੱਖਰੇ ਜੀ ਕਿਸੇ ਦੀ ਲੋਰ, ਕਿਸੇ ਦਾ ਜ਼ੋਰ ਅਸੀਂ ਕੀ ਕਰੀਏ
ਐਲਬਮ ਦੇ ਤੀਸਰੇ ਗੀਤ 'ਦੌਲਤਾਂ' ਰਾਹੀਂ ਉਹ ਇਨਸਾਨ ਨੂੰ ਜ਼ਿਹਨੀਂ ਤੌਰ 'ਤੇ ਮਜ਼ਬੂਤ ਕਰਨ ਲਈ ਕੁਝ ਇਉਂ ਆਖਦਾ ਹੈ- ਜ਼ਿੰਦਗੀ ਦੀ ਘੋਲ ਵੀ ਅਜੀਬ ਹੈ, ਸਦਾ ਈ ਸ਼ਰੀਫ਼ ਜਾਵੇ ਹਾਰਦਾ
ਚਿੱਤ ਨਾ ਡੁਲਾਇਓ ਪਰ ਸੂਰਿਓ ਦੇਖਿਓ ਨਜ਼ਾਰਾ ਜਾਂਦੀ ਵਾਰ ਦਾ
ਸੱਚ ਤੇ ਈਮਾਨ ਵਾਲੇ ਬੰਦੇ ਦੀ ਆਖਰਾਂ ਨੂੰ ਉੱਤੇ ਹੁੰਦੀ ਲੱਤ ਜੀ
ਬਾਕੀ ਤੁਸੀਂ ਮੇਰੇ ਤੋਂ ਸਿਆਣੇ ਓਂ ਮੈਂ ਤਾਂ ਇਹੀ ਕੱਢਿਆ ਏ ਤੱਤ ਜੀ
ਦੌਲਤਾਂ ਤਾਂ ਜੱਗ 'ਤੇ ਬਥੇਰੀਆਂ ਪੈਸੇ ਤੋਂ ਜ਼ਰੂਰੀ ਹੁੰਦੀ ਪੱਗ ਜੀ
ਉਸਦੀ ਇਸ ਐਲਬਮ ਦੇ ਹਰੇਕ ਗੀਤ ਵਿੱਚ ਮਨੋਰੰਜਨ ਦੇ ਨਾਲ-ਨਾਲ ਉਸਨੇ ਕੋਈ ਸੁਨੇਹਾ ਦੇਣ ਦਾ ਵੀ ਯਤਨ ਕੀਤਾ ਹੈ ਜਿਵੇਂ ਕਿ ਚੌਥੇ ਗੀਤ 'ਆਦਮੀ' ਰਾਹੀਂ ਉਹ ਇੱਕ ਅਸਲ ਇਨਸਾਨ ਦੀ ਤਸਵੀਰ ਇਉਂ ਪੇਸ਼ ਕਰਦਾ ਹੈ-
ਜਿੰਨਾਂ ਦੁਨੀਆਂ 'ਤੇ ਉੱਚਾ-ਸੁੱਚਾ ਨਾਮਣਾ ਕਮਾਇਆ
ਉਹਨਾਂ ਔਕੜਾਂ ਮੁਸੀਬਤਾਂ ਨੂੰ ਪਿੰਡੇ 'ਤੇ ਹੰਢਾਇਆ
ਹਰ ਮੋੜ ਉੱਤੇ ਉਹਨਾਂ ਇਹੀ ਸਾਬਤ ਕਰਾਇਆ
ਕਿ ਬੁੱਤ ਸੱਟਾਂ ਸਹਿ-ਸਹਿ ਕੇ ਹੀ ਤਰਾਸ਼ ਹੁੰਦਾ ਏ
ਹਰ ਆਦਮੀ 'ਚ ਹੁੰਦਾ ਇੱਕ ਨੇਕ ਇਨਸਾਨ
ਹਰ ਆਦਮੀ 'ਚ ਇੱਕ ਬਦਮਾਸ਼ ਹੁੰਦਾ ਏ
ਐਲਬਮ ਦੇ ਪੰਜਵੇ ਗੀਤ 'ਬਿਨਾਂ ਮੰਗਿਉਂ ਸਲਾਹ ਨਹੀਂ ਦੇਣੀ ਚਾਹੀਦੀ' ਵਿੱਚ ਬਦੋ-ਬਦੀ ਖੜਪੈਂਚ ਬਣ ਕੇ ਆਪਣੀ ਸਲਾਹ ਦੇਣ ਵਾਲੇ ਲੋਕਾਂ ਨੂੰ ਉਹ ਇਉਂ ਸਮਝਾਉਂਦਾ ਹੈ---
ਬਿਨਾਂ ਮੰਗਿਉਂ ਸਲਾਹ ਨੀਂ ਦੇਣੀ ਚਾਹੀਦੀ, ਕਦਰ ਐਦਾਂ ਘਟ ਜਾਂਦੀ ਏ
ਐਵੇਂ ਰੋਜ਼ ਈ ਜੇ ਜਾ ਕੇ ਡੇਰੇ ਲਾ ਲਓ, ਇੱਜ਼ਤ ਹੋਣੋਂ ਹਟ ਜਾਂਦੀ ਏ

ਆਪ ਦਸਤਾਰ ਧਾਰੀ ਹੋਣ ਕਾਰਨ ਉਹ ਦਸਤਾਰ ਦੀ ਅਹਿਮੀਅਤ ਭਲੀ-ਭਾਂਤ ਸਮਝਦਾ ਹੈ ਸ਼ਾਇਦ ਇਸੇ ਲਈ ਹੀ ਇਸ ਐਲਬਮ ਦੇ ਅੱਠਵੇਂ ਗੀਤ 'ਦਸਤਾਰ' ਦੇ ਇੱਕ ਪੈਰੇ ਵਿੱਚ ਉਹ ਉਸਾਰੂ ਸਮਾਜ ਦੀ ਸਿਰਜਣਾ ਹਿਤ ਆਪਣਾ ਸੁਨੇਹਾਂ ਕੁਝ ਇਸ ਤਰਾਂ ਦਿੰਦਾ ਹੈ-
ਮੁਲਕ ਤਰੱਕੀ ਦੇ ਰਾਹ ਤੁਰਿਆ ਹੁਣ ਨਾ ਗੱਡੀ ਰੋਕ ਦਿਓ
ਕੀਮਤ ਬੜੀ ਜਵਾਨੀ ਦੀ ਐਵੇਂ ਨਾ ਭੱਠੀ ਝੋਕ ਦਿਓ
ਨਸ਼ਿਆਂ ਤੋਂ ਪਰਹੇਜ਼ ਕਰ ਲਿਓ ਇਹੀ ਵਜਾ ਤਬਾਹੀ ਦੀ
ਦੁਸ਼ਮਣ ਵੀ ਹੋਵੇ ਭਾਵੇਂ ਦਸਤਾਰ ਕਦੇ ਨੀਂ ਲਾਹੀਦੀ ਜੇ ਖ਼ੁਦ ਚਾਹੀਏ ਸਤਿਕਾਰ
ਇਸ ਗੀਤ ਦੇ ਸ਼ੁਰੂ ਵਿੱਚ ਪੇਸ਼ ਕੀਤਾ ਉਸ ਦੁਆਰਾ ਰਚਿਤ ਫ਼ਾਰਸੀ ਦਾ ਸ਼ੇਅਰ 'ਦਸਤੂਰ-ਏ-ਦਸਤਾਰ' ਸੋਨੇ 'ਤੇ ਸੁਹਾਗੇ ਦੀ ਤਰਾਂ ਇਸ ਦੀ ਖ਼ੂਬਸੂਰਤੀ ਵਿੱਚ ਹੋਰ ਵੀ ਵਾਧਾ ਕਰਦਾ ਹੈ।
ਐਲਬਮ ਦਾ ਨੌਂਵਾਂ ਗੀਤ 'ਯਾਮਾ' ਅਤੇ ਦਸਵਾਂ ਗੀਤ 'ਮੋਤੀਆ ਚਮੇਲੀ' ਉਹ ਦੋ ਗੀਤ ਹਨ ਜੋ ਉਸਦੀ ਹਰ ਸਟੇਜ ਦਾ ਸ਼ਿੰਗਾਰ ਹਨ। ਜਿਸ ਬਿਨਾਂ ਉਹ ਆਪਣੀ ਹਰ ਸਟੇਜ ਅਧੂਰੀ ਮੰਨਦਾ ਹੈ ਇਸ ਲਈ ਇਹਨਾਂ ਦੋ ਗੀਤਾਂ ਨੂੰ ਉਸਨੇ ਉਚੇਚੇ ਤੌਰ 'ਤੇ ਆਪਣੀ ਇਸ ਟੇਪ ਵਿੱਚ ਸ਼ਾਮਲ ਕੀਤਾ ਹੈ।
ਅਜੋਕੇ ਮਾਹੌਲ ਵਿੱਚ ਜਦ ਹਰ ਪਾਸੇ ਹਲਕੀ ਸ਼ਬਦਾਵਲੀ ਵਾਲੇ ਸੁਰ ਵਿਹੂਣੇ ਗੀਤ ਸੁਣਨ ਨੂੰ ਮਿਲ ਰਹੇ ਹਨ ਅਜਿਹੇ ਸਮੇਂ ਵਿੱਚ ਸਤਿੰਦਰ ਸਰਤਾਜ ਦੀ ਸਭ ਪੱਖੋਂ ਸੰਪੂਰਨ ਇਸ ਟੇਪ ਨੂੰ ਸੁਣਨਾ ਸਹੀ ਅਰਥਾਂ ਵਿੱਚ ਸਕੂਨ ਦਿੰਦਾ ਹੈ। ਆਸ ਕਰਨੀਂ ਬਣਦੀ ਹੈ ਕਿ ਸਰਤਾਜ ਦੀ ਇਹ ਐਲਬਮ ਉਸਦੀ ਪਹਿਲਾਂ ਰਿਲੀਜ਼ ਹੋਈ ਐਲਬਮ 'ਸਰਤਾਜ' ਤੋਂ ਵੀ ਦੋ ਕਦਮ ਅੱਗੇ ਜਾ ਕੇ ਉਸਦੇ ਸੰਗੀਤਕ ਸਫ਼ਰ ਦਾ ਇੱਕ ਯਾਦਗਾਰੀ ਮੀਲ-ਪੱਥਰ ਸਾਬਤ ਹੋਵੇਗੀ।

1 comment: