ਨਿੱਕੇ ਜਿਹੇ ਸਰੀਰ 'ਚ ਕਈ ਕਲਾਵਾਂ ਸਾਂਭੀ ਬੈਠਾ ਹੈ- ਰਾਣਾ ਰਣਵੀਰ

ਹਰਿੰਦਰ ਭੁੱਲਰ
ਰਾਣਾ ਰਣਵੀਰ ਸਮੂਹ ਪੰਜਾਬੀਆਂ ਲਈ ਟੈਲੀਵਿਜ਼ਨ ਅਤੇ ਫ਼ਿਲਮਾਂ ਵਿੱਚ ਹਾਸੇ ਦੀਆਂ ਫ਼ੁਹਾਰਾਂ ਛੱੱਡਣ ਦਾ ਸੂਚਕ ਹੈ ਪਰ ਉਸ ਨੂੰ ਸਿਰਫ਼ ਇਸ ਦਾਇਰੇ ਵਿੱਚ ਹੀ ਕੈਦ ਕਰ ਦੇਣਾ ਮੇਰੀ ਜਾਚੇ ਉਸਦੀ ਬਹੁ-ਪੱਖੀ ਪ੍ਰਤਿਭਾ ਨਾਲ ਅਨਿਆਂ ਕਰਨਾ ਹੋਵੇਗਾ। ਉਹ ਇੱਕੋ ਵੇਲੇ ਇੱਕ ਸੁਲਝਿਆ ਹੋਇਆ ਅਦਾਕਾਰ, ਰੰਗਕਰਮੀ, ਹਾਜ਼ਰ ਜਵਾਬ ਮੰਚ ਸੰਚਾਲਕ, ਇੱਕ ਹੰਢਿਆ ਹੋਇਆ ਲੇਖਕ ਅਤੇ ਸਾਹਿਤ ਨੂੰ ਰੱਜਵਾਂ ਪਿਆਰ ਕਰਨ ਵਾਲਾ ਸ਼ਖਸ ਹੈ। ਸਭ ਤੋਂ ਪਹਿਲਾਂ ਜੇਕਰ ਉਸਦੇ ਅਦਾਕਾਰੀ ਪੱਖ ਦੀ ਗੱਲ ਕਰੀਏ ਤਾਂ ਇਹ ਉਸਦੀ ਐਨੇ ਵਰਿ•ਆਂ ਦੀ ਘਾਲਣਾ ਦਾ ਹੀ ਨਤੀਜਾ ਹੈ ਕਿ ਮੌਜੂਦਾ ਸਮੇਂ ਵਿੱਚ ਜੇਕਰ ਕੋਈ ਫ਼ਿਲਮਸਾਜ਼ ਪੰਜਾਬੀ ਫ਼ਿਲਮ ਬਣਾਉਣ ਦੀ ਕਲਪਨਾ ਵੀ ਕਰਦਾ ਹੈ ਤਾਂ ਉਸਦੇ ਜ਼ਿਹਨ ਵਿੱਚ ਇੱਕ ਵਾਰ ਰਾਣੇ ਦਾ ਚਿਹਰਾ ਜ਼ਰੂਰ ਘੁੰਮਦਾ ਹੈ। 'ਦਿਲ ਆਪਨਾ ਪੰਜਾਬੀ' ਫ਼ਿਲਮ ਵਿਚਲੇ 'ਲੱਕੜਚੱਬ' ਦੇ ਕਿਰਦਾਰ ਤੋਂ ਸ਼ੁਰੂ ਹੋਇਆ ਉਸਦਾ ਇਹ ਫ਼ਿਲਮੀ ਸਫ਼ਰ ਅੱਜ ਆਪਣੇ ਭਰ ਜੋਬਨ 'ਤੇ ਹੈ। ਹਰ ਫ਼ਿਲਮ ਵਿੱਚ ਉਸਦਾ ਵੱਖਰਾ ਅੰਦਾਜ਼ ਉਸਦੇ ਪ੍ਰਪੱਖ ਕਲਾਕਾਰ ਹੋਣ ਦੀ ਗਵਾਹੀ ਭਰਦਾ ਹੈ। ਪਿੱਛੇ ਜਿਹੇ ਰਿਲੀਜ਼ ਹੋਈਆਂ ਉਸ ਦੀਆਂ ਫ਼ਿਲਮਾਂ 'ਚੰਨਾਂ ਸੱਚੀਂ ਮੁੱਚੀਂ', 'ਚੱਕ ਜਵਾਨਾਂ', 'ਇੱਕ ਕੁੜੀ ਪੰਜਾਬ ਦੀ' ਅਤੇ 'ਕਬੱਡੀ ਇੱਕ ਮੁਹੱਬਤ' ਉਸਦੀ ਲੋਕਪ੍ਰਿਯਤਾ ਦਾ ਸਿਖ਼ਰ ਦਰਸਾਉਂਦੀਆਂ ਹਨ। ਆਉਣ ਵਾਲੀਆਂ ਫ਼ਿਲਮਾਂ 'ਏਕਨੂਰ' ਅਤੇ 'ਕਬੱਡੀ ਵੰਸ ਅਗੇਨ' ਵਿੱਚ ਵੀ ਉਹ ਆਪਣੀ ਕਲਾ ਦੇ ਅਲੱਗ-ਅਲੱਗ ਰੰਗ ਭਰਦਾ ਨਜ਼ਰ ਆਵੇਗਾ। ਪੰਜਾਬੀ ਫ਼ਿਲਮਾਂ ਵਿੱਚ ਅਭਿਨੈ ਕਰਨ ਦੇ ਨਾਲ-ਨਾਲ ਇੱਕ ਅਦਾਕਾਰ ਵਜੋਂ ਉਸਦੀਆਂ ਪ੍ਰਾਪਤੀਆਂ ਵਿੱਚ ਇੱਕ ਸਫ਼ਾ ਹੋਰ ਜੁੜ ਗਿਆ ਜਦ ਹਿੰਦੀ ਫ਼ਿਲਮ 'ਏਕ-ਦਾ ਪਾਵਰ ਆਫ਼ ਵੰਨ' ਵਿੱਚ ਉਸਨੂੰ ਪ੍ਰਸਿੱਧ ਅਭਿਨੇਤਾ ਬੌਬੀ ਦਿਓਲ ਨਾਲ ਇੱਕ ਅਹਿਮ ਭੂਮਿਕਾ ਨਿਭਾਉਣ ਦਾ ਮੌਕਾ ਮਿਲਿਆ।
ਜ਼ਿਲ•ਾ ਸੰਗਰੂਰ ਦੇ ਸ਼ਹਿਰ ਧੂਰੀ ਵਿਖੇ ਪਿਤਾ ਸ. ਮੋਹਨ ਸਿੰਘ ਅਤੇ ਮਾਤਾ ਸ੍ਰੀਮਤੀ ਸ਼ਮਸ਼ੇਰ ਕੌਰ ਦੇ ਘਰ ਨੌਂ ਅਪ੍ਰੈਲ ੧੯੭੦ ਨੂੰ ਜਨਮੇ ਰਾਣੇ ਦਾ ਅਦਾਕਾਰੀ ਨਾਲ ਨਾਤਾ ਸਹੀ ਅਰਥਾਂ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਐੱਮ.ਏ. ਪੰਜਾਬੀ ਦੀ ਪੜ•ਾਈ ਕਰਦਿਆਂ ਜੁੜਿਆ।ਉਹ ਯੂਨੀਵਰਸਿਟੀ 'ਚ ਗਿਆ ਤਾਂ ਐੱਮ.ਏ. ਪੰਜਾਬੀ ਕਰਨ ਸੀ ਪਰ ਉਸ ਅੰਦਰ ਜੋ ਕਲਾਕਾਰ ਉੱਸਲਵੱਟੇ ਲੈ ਰਿਹਾ ਸੀ ਉਸਨੇ ਉਸਦੀ ਐੱਮ.ਏ. ਪੰਜਾਬੀ ਦੀ ਪੜ•ਾਈ ਅਧਵਾਟੇ ਹੀ ਛੁਡਵਾ ਕੇ ਉਸਨੂੰ ਐੱਮ.ਏ ਥੀਏਟਰ ਐਂਡ ਟੈਲੀਵਿਜ਼ਨ ਵੱਲ ਨੂੰ ਤੋਰ ਲਿਆ। ਇੱਥੇ ਰੰਗਮੰਚ ਦੀਆਂ ਵੱਖ-ਵੱਖ ਹਸਤੀਆਂ ਦੀ ਸੋਹਬਤ ਨੇ ਉਸ ਅੰਦਰਲੇ ਕਲਾਕਾਰ ਨੂੰ ਵਿਕਸਿਤ ਕੀਤਾ। ਯੂਨੀਵਰਸਿਟੀ ਦੀ ਰੈਪਟਰੀ ਵੱਲੋਂ ਉਸਨੇ ਅਣਗਿਣਤ ਨਾਟਕਾਂ ਵਿੱਚ ਕਈ ਯਾਦਗਾਰੀ ਭੂਮਿਕਾਵਾਂ ਨਿਭਾਈਆਂ ਤੇ ਫਿਰ ਵਿਦਿਆਰਥੀ ਕਾਲ ਖ਼ਤਮ ਹੋਣ 'ਤੇ ਉਸਨੇ ਇਸੇ ਵਿਭਾਗ 'ਚ ਨੌਕਰੀ ਵੀ ਕੀਤੀ। ਇਹਨਾਂ ਦਿਨਾਂ 'ਚ ਹੀ ਕਾਮੇਡੀਅਨ ਭਗਵੰਤ ਮਾਨ ਦੀ ਆਪਣੇ ਜੋੜੀਦਾਰ ਜਗਤਾਰ ਜੱਗੀ ਨਾਲ ਕਿਸੇ ਗੱਲੋਂ ਅਣਬਣ ਹੋ ਗਈ ਤੇ ਉਹ ਆਪਣੇ ਨਵੇਂ ਜੋੜੀਦਾਰ ਦੀ ਤਲਾਸ਼ 'ਚ ਸੀ। ਜਦ ਉਸਦਾ ਮੇਲ ਰਾਣੇ ਨਾਲ ਹੋਇਆ ਤਾਂ ਰਾਣੇ ਦੀ ਪ੍ਰਤਿਭਾ ਵੇਖ ਕੇ ਉਸਨੂੰ ਆਪਣੀ ਇਹ ਤਲਾਸ਼ ਖ਼ਤਮ ਹੁੰਦੀ ਜਾਪੀ। ਇਹ ਮੇਲ ਅਜਿਹਾ ਮਿਲਿਆ ਕਿ ਭਗਵੰਤ ਤੇ ਰਾਣੇ ਦੀ ਇਹ ਜੋੜੀ ਵਿੰਹਦਿਆਂ-ਵਿੰਹਦਿਆਂ ਹੀ ਨਵੇਂ ਦਿਸਹੱਦੇ ਸਿਰਜਦੀ ਗਈ। ਇਹਨਾਂ ਦੀ ਜੋੜੀ ਨੇ ਕਈ ਯਾਦਗਾਰੀ ਟੇਪਾਂ ਜਿਵੇਂ 'ਨਾਨ ਸਟਾਪ', 'ਸਾਵਧਾਨ ਅੱਗੇ ਭਗਵੰਤ ਮਾਨ' ਅਤੇ 'ਫ਼ੁੱਲ ਸਪੀਡ' ਆਦਿ ਨਾਲ ਸਰੋਤਿਆਂ ਦਾ ਭਰਪੂਰ ਮਨੋਰੰਜਨ ਕੀਤਾ। ਇਸਦੇ ਵਿੱਚ ਵਿਚਾਲੇ ਹੀ ਰਾਣੇ ਨੇ 'ਨੋ ਲਾਈਫ਼ ਵਿੱਦ ਵਾਈਫ਼' ਵਰਗੇ ਸਟੇਜੀ ਨਾਟਕ ਰਾਹੀਂ ਭਗਵੰਤ ਮਾਨ ਨਾਲ ਨਵਾਂ ਤਜਰਬਾ ਕੀਤਾ ਜਿਸਨੂੰ ਦਰਸ਼ਕਾਂ ਵੱਲੋਂ ਭਰਪੂਰ ਪਸੰਦ ਕਰਨ ਤੋਂ ਬਾਅਦ ਉਹਨਾਂ ਨੇ ਇਸਦਾ 'ਕੀ ਮੈਂ ਝੂਠ ਬੋਲਿਆ' ਦੇ ਰੂਪ 'ਚ ਵੀਡੀਓ ਰੁਪਾਂਤਰਨ ਵੀ ਕੀਤਾ।
ਭਗਵੰਤ ਮਾਨ ਨਾਲ ਹੀ ਉਸ ਸਮੇਂ ਉਸਨੇ 'ਜੁਗਨੂੰ ਕਹਿੰਦਾ ਹੈ' ਵਰਗਾ ਕਾਮੇਡੀ ਸੀਰੀਅਲ ਕਰਕੇ ਟੀ.ਵੀ. ਰਾਹੀਂ ਆਪਣਾ ਪਿੜ ਹੋਰ ਵੀ ਮੋਕਲਾ ਕਰ ਲਿਆ। ਉਸ ਉਪਰੰਤ ਜ਼ੀ ਪੰਜਾਬੀ ਦੇ ਚਰਚਿਤ ਰੋਡ ਸ਼ੋਅ 'ਐਕਸਕਿਊਜ਼ ਮੀ ਪਲੀਜ਼' ਨੂੰ ਉਸਨੇ ਇੱਕਲਿਆਂ ਹੀ ਆਪਣੇ ਮੋਢਿਆਂ 'ਤੇ ਸਫ਼ਲ ਬਣਾ ਕੇ ਆਪਣੇ ਪ੍ਰਪੱਕ ਅਦਾਕਾਰ ਹੋਣ ਦਾ ਸਬੂਤ ਦਿੱਤਾ। ਅੱਜ ਫ਼ਿਲਮਾਂ 'ਚ ਆਪਣੇ ਬੇਹੱਦ ਰੁਝੇਵਿਆਂ ਦੇ ਬਾਵਜੂਦ ਵੀ ਉਸਨੇ ਟੈਲੀਵਿਜ਼ਨ ਨਾਲੋਂ ਆਪਣਾ ਨਾਤਾ ਨਹੀਂ ਤੋੜਿਆ, ਮੌਜੂਦਾ ਸਮੇਂ 'ਚ ਵੀ ਉਹ ਪੀ.ਟੀ.ਸੀ. ਪੰਜਾਬੀ ਦੇ ਪ੍ਰੋਗ੍ਰਾਮ 'ਹੈਲੋ ਪੀ.ਟੀ.ਸੀ.' ਅਤੇ ਟਾਈਮ ਟੀ.ਵੀ. ਦੇ ਪ੍ਰੋਗ੍ਰਾਮ 'ਫ਼ੋਨ ਕਾ ਫ਼ੰਡਾ' ਰਾਹੀਂ ਆਪਣੀ ਹਾਜ਼ਰ ਜਵਾਬੀ ਨਾਲ ਸਮੂਹ ਪੰਜਾਬੀਆਂ ਦਾ ਮਨੋਰੰਜਨ ਕਰ ਰਿਹਾ ਹੈ। ਟੀ.ਵੀ. ਤੋਂ ਇਲਾਵਾ ਉਹ ਅਮਰੀਕਾ, ਕੈਨੇਡਾ, ਇੰਗਲੈਂਡ, ਆਸਟ੍ਰੇਲੀਆ, ਨਿਊਜ਼ੀਲੈਂਡ, ਜਰਮਨੀ ਅਤੇ ਹਾਲੈਂਡ ਵਰਗੇ ਮੁਲਕਾਂ ਵਿੱਚ ਵੀ ਆਪਣੇ ਸਟੇਜ ਸ਼ੋਅਜ਼ ਰਾਹੀਂ ਕਈ ਵਾਰ ਭਰਵੀਂ ਹਾਜ਼ਰੀ ਲਗਵਾ ਚੁੱਕਾ ਹੈ।
ਅਦਾਕਾਰੀ ਤੋਂ ਬਿਨਾਂ ਉਸ ਵੇਲੇ ਉਸਦੀ ਪ੍ਰਤਿਭਾ ਦਾ ਇੱਕ ਹੋਰ ਪਹਿਲੂ ਦੇਖਣ ਨੂੰ ਮਿਲਿਆ ਜਦ ਉਸਨੇ 'ਮੁੰਡੇ ਯੂ.ਕੇ. ਦੇ' ਫ਼ਿਲਮ ਦੇ ਸੰਵਾਦ ਲਿਖ ਕੇ ਆਪਣੇ ਪ੍ਰਪੱਕ ਲੇਖਕ ਹੋਣ ਦਾ ਸਬੂਤ ਦਿੱਤਾ। ਇਸ ਫ਼ਿਲਮ ਨੂੰ ਮਿਲੀ ਸਫ਼ਲਤਾ ਤੋਂ ਬਾਅਦਾ ਉਸਦੀ ਲੇਖਣੀ ਦਾ ਹੋਰ ਵਿਸਤਾਰ ਹੋਇਆ ਅਤੇ ਉਸਦੇ ਲਿਖੇ ਸੰਵਾਦਾਂ ਨਾਲ ਸ਼ਿੰਗਾਰੀ ਫ਼ਿਲਮ 'ਇੱਕ ਕੁੜੀ ਪੰਜਾਬ ਦੀ' ਨੇ ਚੁਫ਼ੇਰੇ ਹੀ ਬੱਲ-ਬੱਲੇ ਕਰਵਾ ਦਿੱਤੀ ਤੇ ਫ਼ਿਲਮ 'ਕਬੱਡੀ ਇੱਕ ਮੁਹੱਬਤ' ਦੀ ਉਸ ਦੁਆਰਾ ਸਿਰਜੀ ਕਹਾਣੀ ਅਤੇ ਸੰਵਾਦਾਂ ਨਾਲ ਉਸਨੇ ਇਸ ਖੇਤਰ ਵਿੱਚ ਇੱਕ ਵੱਡੀ ਪੁਲਾਂਘ ਭਰੀ। ਫ਼ਿਲਮੀ ਕਹਾਣੀਆਂ ਅਤੇ ਸੰਵਾਦ ਰਚਣ ਤੋਂ ਇਲਾਵਾ ਉਹ ਸਿਰੇ ਦਾ ਸਾਹਿਤ ਪ੍ਰੇਮੀ ਹੈ। ਚਾਹੇ ਨੇੜੇ ਹੋਵੇ ਜਾਂ ਦੂਰ ਜਦ ਵੀ ਕੋਈ ਸਾਹਿਤਕ ਮਿੱਤਰ ਉਸਨੂੰ ਯਾਦ ਕਰਦਾ ਹੈ ਤਾਂ ਉਹ ਸੌ ਵਲ ਭੰਨ ਕੇ ਵੀ ਉਸਨੂੰ ਜਾ ਮਿਲਦਾ ਹੈ। ਆਪਣੇ ਕਾਲਜ ਦੇ ਸ਼ੁਰੂਆਤੀ ਦਿਨਾਂ 'ਚ ਵੱਖ-ਵੱਖ ਅਖ਼ਬਾਰਾਂ ਰਸਾਲਿਆਂ ਵਿੱਚ ਉਸਦੀਆਂ ਕਾਫ਼ੀ ਰਚਨਾਵਾਂ 'ਰਣਬੀਰ ਰੋਹੀ' ਦੇ ਨਾਂ ਨਾਲ ਪ੍ਰਕਾਸ਼ਿਤ ਵੀ ਹੋਈਆਂ ਤੇ ਫਿਰ ਆਪਣੇ ਦੋਸਤਾਂ ਅਤੇ ਅਧਿਆਪਕਾਂ ਦੀ ਹੱਲਾਸ਼ੇਰੀ ਸਦਕਾ ਉਸਨੇ 'ਸੱਚ,ਸੋਚ ਤੇ ਸੁਪਨੇ' ਨਾਂ ਦੀ ਕਿਤਾਬ ਵੀ ਪੰਜਾਬੀ ਸਾਹਿਤ ਦੀ ਝੋਲੀ ਪਾਈ। ਅੱਜ ਵੀ ਉਸਦਾ ਸਾਹਿਤ ਪੜ•ਣ ਅਤੇ ਲਿਖਣ ਦਾ ਸ਼ੌਂਕ ਨਿਰੰਤਰ ਜਾਰੀ ਹੈ। ਪ੍ਰਸਿੱਧ ਫ਼ਿਲਮਸਾਜ਼ ਮਨਮੋਹਨ ਸਿੰਘ ਦੀ ਫ਼ਿਲਮ 'ਇੱਕ ਕੁੜੀ ਪੰਜਾਬ ਦੀ' ਅਤੇ 'ਕਬੱਡੀ ਇੱਕ ਮੁਹੱਬਤ' ਦੇ ਸੰਵਾਦ ਲਿਖਣ ਤੋਂ ਇਲਾਵਾ ਫ਼ਿਲਮ 'ਮੁੰਡੇ ਯੂ.ਕੇ. ਦੇ' ਦਾ ਗਾਇਕ ਲਾਭ ਜੰਜੂਏ ਦੀ ਆਵਾਜ਼ ਵਿੱਚ ਰਿਕਾਰਡ ਹੋਇਆ ਟਾਈਟਲ ਗੀਤ ਅਤੇ ਫ਼ਿਲਮ 'ਇੱਕ ਕੁੜੀ ਪੰਜਾਬ ਦੀ' ਦੇ ਦੋ ਗੀਤ ਰਾਣੇ ਦੀ ਸ਼ਾਇਰਾਨਾ ਸੋਚ ਦਾ ਪ੍ਰਮਾਣ ਹਨ। ਅੱਜਕੱਲ• ਸ਼ਾਹੀ ਸ਼ਹਿਰ ਪਟਿਆਲਾ ਦੇ ਅਰਬਨ ਅਸਟੇਟ ਵਿਖੈ ਪਤਨੀ ਦਵਿੰਦਰਪਾਲ ਕੌਰ, ਬੇਟੀ ਸੀਰਤ ਅਤੇ ਬੇਟੇ ਵਾਰਿਸ ਰਾਣਾ ਨਾਲ ਜ਼ਿੰਦਗੀ ਦੀਆਂ ਮਸਤ ਬਹਾਰਾਂ ਮਾਣ ਰਹੇ ਇਸ ਬਹੁ-ਪੱਖੀ ਕਲਾਕਾਰ ਤੋਂ ਸਾਰੇ ਪੰਜਾਬੀਆਂ ਨੂੰ ਬਹੁਤ ਆਸਾਂ ਹਨ।
ਹਰਿੰਦਰ ਭੁੱਲਰ
ਫ਼ਿਰੋਜ਼ਪੁਰ

No comments:

Post a Comment