ਬਾਵਾ ਬੋਲਦਾ ਹੈ.....ਸੇਖੋਂ ਅੰਟੀ ਹੋਰ ਗਾ...!

ਨਿੰਦਰ ਘੁਗਿਆਣਵੀ
ਇਹਨੀ ਦਿਨੀਂ ਪੰਜਾਬ ਦੀ ਪ੍ਰਸਿੱਧ ਲੋਕ-ਗਾਇਕਾ ਬੀਬੀ ਮੁਹਿੰਦਰਜੀਤ ਕੌਰ ਸੇਖੋ,(ਜਿਸਨੂੰ ਮੈਂ ਸਤਿਕਾਰ ਨਾਲ ਆਪਣੇ ਹੋਰਨਾਂ ਗੁਰਭਾਈਆਂ ਵਾਂਗ 'ਅੰਟੀ ਜੀ' ਕਹਿੰਦਾ ਹਾਂ), ਲੁਧਿਆਣਾ ਦੇ ਅਪੋਲੋ ਹਸਪਤਾਲ ਵਿੱਚ ਸਖ਼ਤ ਬੀਮਾਰ ਪਈ ਹੈ। ਉਹ ਪੁਰਾਣੇ ਸਰੋਤੇ, ਜਿਹਨਾਂ ਨੇ ਉਸਤਾਦ ਲਾਲ ਚੰਦ ਯਮਲਾ ਜੱਟ ਨਾਲ ਸੇਖੋਂ ਅੰਟੀ ਨੂੰ ਗਾਉਦਿਆ ਸੁਣਿਆ ਹੋਇਆ ਹੈ, ਉਹ ਅਜੇ ਨਹੀਂ ਉਸਨੂੰ ਭੁੱਲੇ ਹੋਣੇ ਤੇ ਨਾ ਹੀ ਉਸਤਾਦ ਜੀ ਨਾਲ ਰਲ ਕੇ ਗਾਏ ਦੋਗਾਣੇ ਹੀ ਹਾਲੇ ਸ੍ਰੋਤਿਆਂ ਦੇ ਚੇਤਿਆਂ ਵਿੱਚੋਂ ਵਿੱਸਰੇ ਹਨ। ਪਹਿਲਾਂ ਆਪਾਂ ਇਹਨਾਂ ਦੇ ਗਾਏ ਕੁਝ ਦੋਗਾਣਿਆਂ ਦੀ ਗੱਲ ਕਰ ਲਈਏ।
ਸਭ ਤੋਂ ਵੱਧ ਮਸ਼ਹੂਰ ਹੋਇਆ ਦੋਗਾਣਾ ਸੀ:
-ਜਗਤੇ ਨੂੰ ਛੱਡ ਕੇ ਤੂੰ ਭਗਤੇ ਨੂੰ ਕਰ ਲੈ
ਜਿੰਨ ਤੇਰਾ ਹੋਣਾ ਏਂ ਸਹਾਈ...
ਅਧਿਆਤਮਵਾਦੀ ਰੰਗ ਦੇ ਇਸ ਦੋਗਾਣੇ ਵਿੱਚ ਮਨੁੱਖ ਨੂੰ ਜਗਤ ਛੱਡ ਕੇ ਭਗਤ ਹੋ ਜਾਣ ਲਈ ਪ੍ਰੇਰਨਾ ਦਿੱਤੀ ਗਈ ਹੈ। ਹੋਰਨਾਂ ਦੋਗਾਣਿਆਂ ਵਿੱਚ ਹਨ:
-ਆਹ ਲੈ ਕੁੰਜੀਆਂ ਤੂੰ ਰੱਖ ਲੈ ਸਿਰਾਣ੍ਹੇ
ਮੈਂ ਚੱਲੀ ਪੇਕਿਆਂ ਨੂੰ...
-ਦੋ ਤਾਰਾ ਵੱਜਦਾ ਵੇ ਰਾਂਝਣਾ ਨੂਰ-ਮਹਿਲ ਦੀ ਮੋਰੀ
-ਭਾਈ ਵੇ ਪਤਾਸਿਆ ਰੂੰ ਪਿੰਜ ਦੇ..
-ਨੀਂ ਦੱਸ ਜਾ ਕਬੂਤਰੀਏ
ਕਿਹੜੇ ਥਾਂ ਤੂੰ ਆਲ੍ਹਣਾ ਪਾਉਣਾ...
-ਪੁੱਤ ਜੰਮੀਦੇ ਕਮਾਈਆਂ ਖਾਣੇ ਨੂੰ..
-ਲਾਹ ਕੇ ਸੋਨੇ ਦੀ ਜੰਜੀਰੀ
ਪਾਈ ਮੋਤੀਆਂ ਦੀ ਗਾਨੀ...
-ਤੇਰਾ ਵੀਰ ਗਿਆ ਜੰਗ ਨੂੰ
ਤੂੰ ਵੀ ਉਹਦੇ ਪਿੱਛਟ ਚਲਾ ਹਜਾਹ


ਇਹਨਾਂ ਗੀਤਾਂ ਤੋਂ ਬਿਨਾਂ ਕੁਝ ਗੀਤਾਂ ਵਿੱਚ ਬੀਬੀ ਸੇਖੋਂ ਨੇ ਉਸਤਾਦ ਜੀ ਨਾਲ ਗੀਤਾਂ ਵਿੱਚ ਕੋਰਸ ਵੀ ਬੋਲੇ। ਸੰਨ 1952 ਵਿੱਚ ਬੀਬੀ ਸੇਖੋ ਨੇ ਅਕਾਸ਼ਵਾਣੀ ਤੋਂ ਗਾਉਣਾ ਸ਼ੁਰੂ ਕੀਤਾ ਸੀ। ਸੰਨ 1957 ਦੀ ਗੱਲ ਹੈ। ਪੰਜਾਬ ਦੇ ਕਲਾਕਾਰਾਂ ਦਾ ਇੱਕ ਟਰੁੱਪ ਪੂਨਾ, ਬੰਬੇ, ਸ੍ਰੀਨਗਰ, ਲਖਨਊ ਤੇ ਕਲਕੱਤਾ ਵਿੱਖੇ ਪੰਜਾਬੀ ਸੰਗੀਤ ਦੇ ਸੰਮੇਲਨਾਂ ਵਿੱਚ ਗਿਆ। ਸੇਖੋਂ ਉਦੋਂ ਰਾਣਾ ਬਾਲਾ ਨਾਲ ਗਾ ਰਹੀ ਸੀ। ਪੂਨਾ ਵਿੱਚ ਹੀ ਉਹਦਾ ਮੇਲ ਉਸਤਾਦ ਲਾਲ ਚੰਦ ਯਮਲਾ ਜੱਟ ਨਾਲ ਹੋ ਗਿਆ । ਸੇਖੋਂ ਨਾਲ ਉਹਨਾਂ ਦੇ ਨੇੜਲੇ ਰਿਸ਼ਤੇਦਾਰ ਪੋ.ਕਿਰਪਾਲ ਸਿੰਘ ਕਸੇਲ ਵੀ ਗਏ ਹੋਏ ਸਨ। ਉਸਤਾਦ ਜੀ ਦੇ ਗੀਤ ਸੁਣ ਕੇ ਕਸੇਲ ਸਾਹਿਬ ਨੇ ਉਹਨਾਂ ਨੂੰ ਕਿਹਾ ਕਿ ਯਮਲਾ ਜੀ ਆਪ ਦੇ ਗੀਤ ਪੰਜਾਬੀ ਸਾਹਿਤ ਦਾ ਸਰਮਾਇਆ ਹਨ..ਇਹਨਾਂ ਨੂੰ ਕਿਤਾਬੀ ਰੂਪ ਵਿੱਚ ਸੰਭਾਲ ਲਵੋ। ਕਸੇਲ ਤੇ ਉਸਤਾਦ ਜੀ ਦੀ ਦੋਸਤੀ ਹੋ ਗਈ, ਜੋ ਅੰਤ ਤੱਕ ਨਿਭੀ। ਇਸੇ ਮੇਲ ਨਾਲ ਹੀ ਸੇਖੋਂ ਉਸਤਾਦ ਜੀ ਨਾਲ ਗਾਉਣ ਲੱਗੀ। ਉਸਤਾਦ ਜੀ ਨਾਲ ਦਰਜਨ ਤੋਂ ਵੀ ਵੱਧ ਗੀਤ ਐਚ.ਐੱਮ.ਵੀ ਕੰਪਨੀ ਵਿੱਚ ਰਿਕਾਰਡ ਹੋਏ। ਇਹਨਾਂ ਨਾਲ ਗਾਉਣ ਤੋਂ ਇਲਾਵਾ ਬੀਬੀ ਸੇਖੋਂ ਨੇ ਆਪਣੇ ਕੁਝ ਸੋਲੋ ਗੀਤ ਵੀ ਰਿਕਾਰਡ ਕਰਵਾਏ। ਜਦ ਜਲੰਧਰ ਦੂਰਦਰਸ਼ਨ ਸਥਾਪਤ ਹੋਇਆ ਤਾਂ ਇਹਨਾਂ ਇੱਥੋਂ ਵੀ ਗਾਉਣਾ ਸ਼ੁਰੂ ਕੀਤਾ। ਅੰਮ੍ਰਿਤਸਰ ਵਿਖੇ ਇੱਕ ਸੰਗੀਤ ਸਮਾਗਮ ਵਿੱਚ ਸ੍ਰੀ ਮਤੀ ਇੰਦਰਾ ਗਾਂਧੀ ਨੇ ਸੇਖੋ ਦਾ ਗੀਤ ਸੁਣ ਕੇ ਇਸਨੂੰ ਉਤਸ਼ਾਹਿਤ ਕੀਤਾ। ਕਸੇਲ ਸਾਹਿਬ ਦੀ ਰਾਹਨੁਮਾਈ ਨੇ ਸੇਖੋ ਨੂੰ ਗਾਇਨ ਲਈ ਰਾਹ ਪੱਧਰਾ ਕੀਤਾ।
ਬੀਬੀ ਸੇਖੋਂ ਦਾ ਜਨਮ 18 ਫਰਵਰੀ 1938 ਨੂੰ ਸੰਤਾ ਸਿੰਘ ਸੇਖੋ ਦੇ ਘਰ ਹੋਇਆ। ਇਹਨਾਂ ਦੀ ਮਾਂ ਦਾ ਨਾਂ ਹਰਨਾਮ ਕੋਰ ਸੀ। ਇਤਫਾਕਨ ਉਸਤਾਦ ਯਮਲਾ ਜੱਟ ਦੀ ਮਾਂ ਦਾ ਨਾਂ ਵੀ ਹਰਨਾਮ ਕੌਰ ਸੀ। ਸੇਖੋ ਨੇ ਪੰਜ ਸਾਲ ਅਲਾਹਾਬਾਦ ਵਿੱਚ 'ਪ੍ਰਯਾਗ ਸੰਗੀਤ ਸੰਮਤੀ' ਪਾਸੋਂ ਸੰਗੀਤ ਦੀਆਂ ਦੋ ਡਿਗਰੀਆਂ 'ਵਿਸ਼ਾਰਦ'ਅਤੇ 'ਪ੍ਰਭਾਕਰ' ਹਾਸਿਲ ਕੀਤੀਆਂ। ਸ਼ਾਸਤਰੀ ਸੰਗੀਤ ਦੇ ਮਹਾਨ ਉਸਤਾਦ ਪਦਮ ਸ੍ਰੀ ਸੋਹਨ ਸਿੰਘ ਨੂੰ ਆਪਣਾ ਉਸਤਾਦ ਧਾਰਨ ਕਰਕੇ ਸੰਗੀਤ ਦੀਆਂ ਬਾਰੀਕੀਆਂ ਹਾਸਲ ਕੀਤੀਆਂ। ਸਮੇਂ-ਸਮੇਂਂ ਕੇæਪੰਨਾ ਲਾਲ, ਜਗਦੀਸ਼ ਐੱਲ ਕੋਹਲੀ ਤੇ ਜਸਵੰਤ ਭੰਵਰਾ ਪਾਸੋਂ ਕਈ ਕੁਝ ਸੰਗੀਤ ਬਾਰੇ ਸਿੱਖਿਆ। ਸੰਨ 1991 ਵਿੱਚ ਉਸਤਾਦ ਯਮਲਾ ਜੱਟ ਦਾ ਦਿਹਾਂਤ ਹੋ ਗਿਆ ਤਾਂ ਬੀਬੀ ਸੇਖੋ ਨੇ ਗਾਉਣਾ ਬੰਦ ਕਰ ਦਿੱਤਾ। ਮੇਰੇ ਖ਼ਿਆਲ ਮੁਤਾਬਕ ਉਹਨੇ ਇੱਕ ਅੱਧ ਵਾਰ ਹੀ ਅਕਾਸ਼ਵਾਣੀ ਜਲੰਧਰ ਤੋਂ ਬਿਨਾਂ ਰਿਆਜ਼ ਕੀਤੇ ਹੀ ਗਾਇਆ। ਮੁੜ ਸਟੇਸ਼ਨ ਵੱਲੋਂ ਵਾਰ-ਵਾਰ ਚਿੱਠੀਆਂ ਪਾਉਣ 'ਤੇ ਵੀ ਗਾਉਣ ਨਹੀਂ ਗਈ।
ਅੰਟੀ ਸੇਖੋਂ ਦੀ ਸਪੁੱਤਰੀ ਡਾ. ਨਵਜੋਤ ਕੌਰ ਕਸੇਲ ਪੰਜਾਬੀ ਯੂਨੀਵਰਸਿਟੀ ਵਿੱਚ ਸੰਗੀਤ ਦੀ ਲੈਕਚਰਾਰ ਹੈ।
ਮੈਨੂੰ ਯਾਦ ਹੈ, ਸੰਨ 1995-96 ਵਿੱਚ ਮੈਂ ਪਟਿਆਲੇ ਭਾਸ਼ਾ ਵਿਭਾਗ ਵਿੱਚ ਕੱਚੇ ਤੌਰ 'ਤੇ ਮਾਲੀ ਲੱਗ ਗਿਆ ਤਾਂ ਰਹਿਣ ਲਈ ਕੋਈ ਜਗ੍ਹਾ ਨਹੀਂ ਸੀ। ਅੰਟੀ ਸੇਖੋ ਤੇ ਕਸੇਲ ਅੰਕਲ ਦੇ ਘਰ ਟਿਕਾਣਾ! ਮੈਂ ਉਹਨਾਂ ਦੀ ਸੇਵਾ ਕਰਕੇ ਖ਼ੁਸ਼ੀ ਮਹਿਸੂਸ ਕਰਦਾ। ਅੰਟੀ ਆਪਣੇ ਬੀਤੇ ਵੇਲੇ ਨੂੰ ਯਾਦ ਕਰਕੇ ਅੱਖਾਂ ਭਰਦੀ ਤੇ ਮਨ ਹੌਲ਼ਾ ਕਰਦੀ ਹੁੰਦੀ। ਉਸ ਨੂੰ ਪਲ-ਪਲ ਯਾਦ ਸੀ ਕਿ ਉਹ ਕਦੋਂ-ਕਦੋਂ.. ਕਿੱਥੇ-ਕਿੱਥੇ ਉਸਤਾਦ ਜੀ ਨਾਲ ਗਾਉਣ ਗਈ ਸੀ। ਅੰਟੀ ਅੰਦਰ ਸੰਗੀਤ ਲਈ ਜਜ਼ਬਾ ਅਜੇ ਵੀ ਠਾਠਾਂ ਮਾਰਦਾ ਸੀ ਪਰ ਵੇਲਾ ਲੰਘ ਚੁੱਕਿਆ ਸੀ ਤੇ ਯਾਦਾਂ ਹੀ ਬਾਕੀ ਸਨ ਕੋਲ। ਉਹਨਾਂ ਦੇ ਕੁਝ ਘਰੇਲੂ ਹਾਲਾਤ ਵੀ ਸਾਥ ਨਹੀ ਸਨ ਦੇ ਰਹੇ। ਇੱਕ ਵਾਰ ਮੈਂ ਲਿਖਿਆ ਸੀ-"ਅੰਟੀ ਉਦਾਸ ਹੈ", ਪੜ੍ਹ ਕੇ ਅੰਟੀ ਨੂੰ ਕੁਝ ਧਰਵਾਸ ਜਿਹਾ ਹੋਇਆ ਸੀ।
ਅੰਟੀ ਸੇਖੋਂ ਇੱਕ ਵਾਰ ਉਸਤਾਦ ਜੀ ਨਾਲ ਕੈਨੇਡਾ ਗਾਉਣ ਵੀ ਗਈ ਸੀ ਪਰ ਇਹ ਨਿਰਾਸ਼ ਹੋਕੇ ਵਾਪਸ ਪਰਤੇ ਸਨ, ਸੱਦਣ ਵਾਲੇ ਪ੍ਰਮੋਟਰ ਦਾ ਵਤੀਰਾ ਬਹੁਤ ਮਾੜਾ ਰਿਹਾ ਸੀ। ਅੰਟੀ ਕਹਿੰਦੀ ਹੁੰਦੀ ਸੀ, "ਕਦੇ ਨਹੀਂ ਜਾਣਾ ਕੈਨੇਡਾ..ਠੱਗੀ ਮਾਰੀ ਪ੍ਰਮੋਟਰ ਨੇ..ਫੁੱਟੀ ਕੌਡੀ ਨਾ ਦਿੱਤੀ ਸਾਨੂੰ।" ਇਹ ਗੱਲ 1974-ਜਾਂ 75 ਦੀ ਹੋਣੀ। ਉਹ ਟੋਰਾਂਟੋ ਤੋਂ ਹੀ ਵਾਪਿਸ ਆ ਗਏ ਸਨ। ਇਸ ਸਭ ਕਾਸੇ ਦਾ ਵੇਰਵਾ ਇਕਬਾਲ ਰਾਮੂਵਾਲੀਆ ਨੇ ਉਸਤਾਦ ਯਮਲਾ ਜੱਟ ਬਾਰੇ ਲਿਖੇ ਆਪਣੇ ਲੰਬੇ ਲੇਖ ਵਿੱਚ ਕੀਤਾ ਹੋਇਆ ਹੈ। ਇਕਬਾਲ ਤੇ ਰਛਪਾਲ ਹੀ ਉਸਤਾਦ ਅਤੇ ਸੇਖੋਂ ਅੰਟੀ ਨੂੰ ਪ੍ਰਮੋਟਰ ਦੀ ਬੇਸਮੈਂਟ ਵਿੱਚੋਂ ਉਠਾ ਕੇ ਆਪਣੇ ਘਰ ਲੈ ਕੇ ਆਏ ਸਨ।
ਅਪੋਲੋ ਹਸਪਤਾਲ ਵਿੱਚ ਮਿਲਣ ਗਿਆਂ ਹਾਂ, ਤਾਂ ਅੰਟੀ ਨੇ ਅੱਖ ਨਹੀਂ ਪੁੱਟੀ। ਬੇਹੋਸ਼ ਸੀ। ਅਧਰੰਗ ਦਾ ਦੌਰਾ ਕੁਝ ਦਿਨ ਪਹਿਲਾਂ ਪਿਆ ਸੀ। ਸੇਵਾ ਸੰਭਾਲ ਕਰ ਰਿਹਾ ਸੀ ਉਸਤਾਦ ਜੀ ਦਾ ਚੇਲਾ ਠਾਕੁਰ ਸਿੰਘ ਫੱਲੜ੍ਹ ਤੇ ਉਹਦੀ ਘਰ ਵਾਲੀ। ਮੈਂ ਉਦਾਸ ਹੋਕੇ ਹਸਤਪਾਲ ਵਿੱਚੋਂ ਆਇਆ। ਸੋਚਦਾ ਰਿਹਾ ਕਿ ਏਨੇ ਮਹਾਨ ਲੋਕਾਂ ਦਾ ਅੰਤਲਾ ਵੇਲਾ ਏਨਾ ਮਾੜਾ ਕਿਉਂ ਹੁੰਦਾ ਹੈ? ਕਿਸੇ ਨੂੰ ਖ਼ਬਰ ਨਹੀਂ ਹੁੰਦੀ ਕਿ ਉਹਨਾ ਦਾ ਹਰਮਨ-ਪਿਆਰਾ ਕਲਾਕਾਰ ਬਿਮਾਰੀ ਨਾਲ ਘੋਲ ਕਰ ਰਿਹਾ ਹੈ। ਉਸਤਾਦ ਜੀ ਵੀ ਤਾਂ ਆਖਰੀ ਸਮੇਂ ਕਿੰਨੇ ਔਖੇ ਹੋਏ ਸਨ। ਬਲਵੰਤ ਗਾਰਗੀ ਦਾ ਆਖਰੀ ਵਕਤ ਬਹੁਤ ਮਾੜਾ ਰਿਹਾ। ਸੁਰਿੰਦਰ ਕੌਰ ਬੀਮਾਰ ਹੋ ਕੇ ਅਮਰੀਕਾ ਜਾ ਪੂਰੀ ਹੋਈ। ਹਸਨਪੁਰੀ ਵੀ ਹਸਪਤਾਲ ਵਿੱਚ ਪੂਰਾ ਹੋਇਆ। ਇਵੇਂ ਸੰਤੋਖ ਸਿੰਘ ਧੀਰ।
ਕਿਸੇ ਕੋਲ ਵਕਤ ਹੀ ਕਿੱਥੇ ਹੈ ਕਿ ਜਾ ਕੇ ਦੋ ਘੜੀਆਂ ਹਾਲ-ਚਾਲ ਜਾਣ ਆਈਏ? ਇੱਕ, ਦੋ ਜਾਂ ਤਿੰਨ ਨਹੀਂ, ਹਜ਼ਾਰਾਂ ਹੀ ਅਜਿਹੇ ਲੋਕਾਂ ਦੀਆਂ ਉਦਾਹਰਨਾਂ ਹਨ। ਦੁਆ ਹੈ ਕਿ ਰੱਬ ਹੋਰ ਜੀਵਨ ਬਖ਼ਸ ਦੇਵੇ..ਅੰਟੀ ਆਪਣੇ ਬੱਚਿਆਂ ਵਿੱਚ ਬਹਿ ਕੇ ਗਾਵੇ! ਮੈਂ ਕਹਿੰਦਾ ਹਾਂ..ਅੰਟੀ ਜੀ..ਉਠੋ ਹੁਣ..ਬਹੁਤ ਬਿਮਾਰ ਹੋ ਲਿਆ..ਉਠਕੇ ਗਾਵੋ..ਕੋਈ ਦਿਲਕਸ਼ ਨਗਮਾਂ! ਆਪ ਦੇ ਆਸ਼ੀਰਵਾਦ ਤੇ ਨਿਘਾਸ ਭਰੇ ਬੋਲਾਂ ਦੀ ਅਜੇ ਬਹੁਤ ਲੋੜ ਹੈ।
ਸੰਗੀਤ ਸੰਸਾਰ ਦੇ ਸਰੋਤੇ ਮਾਣਮੱਤੀ ਲੋਕ-ਗਾਇਕਾ ਮਹਿੰਦਰ ਜੀਤ ਕੌਰ ਸੇਖੋਂ ਦਾ ਹਾਲ-ਚਾਲ ਜਾਨਣਾ ਚਾਹੁੰਦੇ ਹੋਣ ਤਾਂ ਉਹਨਾਂ ਦੀ ਸਪੁੱਤਰੀ ਡਾ.ਨਵਜੋਤ ਕੌਰ ਕਸੇਲ ਨਾਲ ਇਸ ਫੋਨ ਨੰਬਰ 'ਤੇ ਗੱਲ ਕਰ ਸਕਦੇ ਹਨ-98726-61532

1 comment: