"ਘੁੱਗੀ ਕੀ ਜਾਣੇ ਸਤਗੁਰ ਦੀਆਂ ਬਾਤਾਂ......?"

ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)
"ਮਿਊਜ਼ਿਕ ਟਾਈਮਜ਼" ਦੇ ਅਗਸਤ ਅੰਕ 'ਚ ਛਪੇ ਮੇਰੇ ਲੇਖ 'ਇੱਕ ਖ਼ਤ- ਪੰਜਾਬੀ ਗਾਇਕੀ 'ਚ....!' ਛਪਿਆ ਤਾਂ ਚੰਗਾ ਜਿਹਾ ਲੱਗਾ ਜਦੋਂ ਪਾਠਕਾਂ ਵੱਲੋਂ ਹੱਲਾਸ਼ੇਰੀ ਭਰੇ ਫੋਨ ਆਏ। ਲੇਖ ਲਿਖਕੇ ਮੈਂ ਕੋਈ ਮਾਅਰਕਾ ਨਹੀਂ ਮਾਰਿਆ ਅਤੇ ਨਾ ਹੀ ਕਿਸੇ ਸਿਰ ਕੋਈ ਅਹਿਸਾਨ ਕੀਤਾ ਹੈ। ਇਹ ਮੇਰੇ ਨਿੱਜੀ ਵਲਵਲੇ ਸਨ ਜਿਹੜੇ ਮੈਨੂੰ ਨਿਹੋਰਦੇ ਰਹਿੰਦੇ ਹਨ ਕਿ ਜੋ ਕੁਝ ਅਸੀਂ ਆਪਣੀ ਧੀ, ਭੈਣ ਜਾਂ ਮਾਂ ਕੋਲ ਬੈਠਕੇ ਹੀ ਸੁਣ ਨਹੀਂ ਸਕਦੇ, ਇਹੋ ਜਿਹੇ ਗੀਤਾਂ ਰਾਹੀਂ ਕੀਤੀ ਜਾਂਦੀ ਸੱਭਿਆਚਾਰ ਦੀ 'ਸੇਵਾ' ਖਿਲਾਫ਼ ਆਪਣੇ ਵਿਚਾਰ ਪੇਸ਼ ਕੀਤੇ ਜਾਣ। ਸੋ ਉਹੀ ਵਿਚਾਰ ਸਨ ਉਸ ਲੇਖ ਵਿੱਚ। ਕਹਿੰਦੇ ਹਨ ਕਿ ਆਲੋਚਨਾ ਸ਼ੀਸ਼ੇ ਦਾ ਕੰਮ ਕਰਦੀ ਹੈ ਬਸ਼ਰਤੇ ਕਿ ਆਲੋਚਨਾ ਦਾ ਵੀ ਕੋਈ ਸਿਰ ਪੈਰ ਹੋਵੇ। ਇੱਕ ਮੂਰਖ ਮਿੱਤਰ ਨਾਲੋਂ ਸਿਆਣਾ ਦੁਸ਼ਮਣ ਵਧੇਰੇ ਫਾਇਦੇਮੰਦ ਸਾਬਤ ਹੁੰਦੈ ਜੋ ਤੁਹਾਡੇ ਵਿੱਚ ਕਾਣ ਕੱਢਣ ਦੇ ਚੱਕਰ Ḕਚ ਤੁਹਾਨੂੰ ਅਚਨਚੇਤ ਹੀ ਬਹੁਤ ਕੁਝ ਨਵਾਂ ਸਿਖਾ ਦਿੰਦੈ। ਸ਼ਾਇਦ ਮੈਂ ਵੀ ਵਲਵਲਿਆਂ ਦੇ ਦੁਬਾਰਾ ਉੱਠਣ ਤੱਕ ਚੁੱਪ ਹੀ ਰਹਿੰਦਾ ਜੇ ਕੁਝ ਕੁ ਅਕਲ ਦੇ 'ਧੱਕੇ' ਹੋਏ ਵੀਰ ਹਲੂਣਾ ਨਾ ਦਿੰਦੇ।
ਇਸ ਤੋਂ ਪਹਿਲਾਂ ਕਿ ਹੋਰ ਗੱਲ ਹੋਵੇ... ਪੰਜਾਬ 'ਚ ਆਮ ਹੀ ਕਹਾਵਤਾਂ ਹਨ ਕਿ 'ਗਧੇ ਨੂੰ ਕੀ ਪਤੈ ਗੁਲਕੰਦ ਦੇ ਸੁਆਦ ਦਾ', Ḕਅੰਨ੍ਹਾ ਕੀ ਜਾਣੇ ਬਸੰਤ ਦੀ ਬਹਾਰ', 'ਗਧੇ ਨੂੰ ਦਿੱਤਾ ਲੂਣ- ਆਖੇ ਮੇਰੀ ਅੱਖ ਭੰਨ੍ਹਤੀ' ਜਾਂ ਫਿਰ ਇਹ ਵੀ ਕਿਹਾ ਜਾਂਦੈ ਕਿ 'ਘੁੱਗੀ ਕੀ ਜਾਣੇ ਸਤਿਗੁਰ ਦੀਆਂ ਬਾਤਾਂḔ। ਜਾਨਵਰਾਂ ਨਾਲ ਸੰਬੰਧਿਤ ਕਹਾਵਤਾਂ ਅਕਸਰ ਹੀ ਅਕਲ ਦੇ ਧੱਕੇ ਹੋਏ ਮਨੁੱਖਾਂ ਲਈ ਹੀ ਵਰਤੀਆਂ ਜਾਂਦੀਆਂ ਹਨ ਜਿਹਨਾਂ ਨੂੰ ਉਮੀਦ ਹੁੰਦੀ ਹੈ ਕਿ ਉਹਨਾਂ ਦਾ ḔਅਣਲੱਗḔ ਦਿਮਾਗ ਮਰਨ ਤੋਂ ਬਾਦ ਕਾਫ਼ੀ ਮਹਿੰਗਾ ਵਿਕੇਗਾ। ਇਹ ਕਹਾਵਤਾਂ ਉਹਨਾਂ 'ਤੇ ਵੀ ਹੂਬਹੂ ਢੁਕਦੀਆਂ ਹਨ ਜਿਹਨਾਂ ਨੇ ਪੰਜਾਬ ਦੀਆਂ ਧੀਆਂ, ਭੈਣਾਂ, ਮਾਂਵਾਂ ਦੇ ਹੱਕ 'ਚ ਹਾਅ ਦੇ ਨਾਅਰੇ ਵਾਂਗ ਲਿਖਿਆ ਲੇਖ ਪੜ੍ਹਕੇ ਮੈਨੂੰ ਹੀ ਪਾਰ ਬੁਲਾਉਣ ਜਾਂ ਸ਼ੋਧ ਦੇਣ ਦੀਆਂ ਧਮਕੀਆਂ ਦੇ ਧਰੀਆਂ। ਪਰ ਮੈਂ ਨਿਮਾਣਾ ਦੁਆਵਾਂ ਦੇਣ ਵਾਲਿਆਂ ਦੇ ਨਾਲ ਨਾਲ ਮਾਰਨ ਦੇ ਡਰਾਵੇ ਦੇਣ ਵਾਲਿਆਂ ਦਾ ਵੀ ਹਾਰਦਿਕ ਧੰਨਵਾਦੀ ਹਾਂ ਕਿਉਂਕਿ ਕਿਸੇ ਨੇ ਨਿਗ੍ਹਾ ਤਾਂ ਮਾਰੀ ਮੇਰੇ ਕਮਲ 'ਤੇ..। ਐਨੇ ਖੂੰਖਾਰ ਢੰਗ ਨਾਲ ਦਿੱਤੀਆਂ ਧਮਕੀਆਂ ਦੇ ਬਾਵਜੂਦ ਡਰ ਨਹੀਂ ਆਇਆ ਸਗੋਂ ਉਹਨਾਂ ਵੀਰਾਂ ਦੀਆਂ ਧੀਆਂ, ਭੈਣਾਂ ਜਾਂ ਮਾਵਾਂ 'ਤੇ ਤਰਸ ਆਇਆ ਕਿ ਜੇ ਕਦੇ ਗਾਹੇ-ਬਗਾਹੇ ਕਿਸੇ ਗੁੰਡੇ-ਮੁਸ਼ਟੰਡੇ ਨੇ ਉਹਨਾਂ ਦੀ ਬਾਂਹ ਫੜ੍ਹ ਲਈ ਤਾਂ ਸੰਕਟ 'ਚ ਘਿਰੀਆਂ ਮਜ਼ਲੂਮਾਂ ਦੇ 'ਸ਼ੇਰ ਰਾਖੇ' ਇਹੀ ਗੀਤ ਗੁਣਗੁਣਾ ਰਹੇ ਹੋਣਗੇ ਕਿ "ਹੋਇਆ ਕੀ ਜੇ.... ਬਾਂਹ ਫੜ੍ਹ ਲਈ.. ਡਾਕਾ ਤਾਂਨੀਂ ਮਾਰਿਆ।" ਇਹ ਕੁਝ ਲਿਖਣ ਦਾ ਮਕਸਦ ਕਿਸੇ ਖਿਲਾਫ ਭੜਾਸ ਕੱਢਣਾ ਨਹੀਂ ਸਗੋਂ ਇਹ ਹੋਕਾ ਦੇਣਾ ਹੈ ਕਿ ਸੰਗੀਤ ਤਾਂ ਰੂਹ ਨੂੰ ਸਕੂਨ ਦਾ ਸਾਧਨ ਮੰਨਿਆ ਜਾਂਦੈ। ਵੈਦ ਹਕੀਮ ਤਾਂ ਮਾਨਸਿਕ ਬੀਮਾਰੀਆਂ ਦੇ ਇਲਾਜ਼ ਲਈ ਸੰਗੀਤ ਨੂੰ ਰਾਮ ਬਾਣ ਦਾ ਨਾਂ ਦਿੰਦੇ ਹਨ। ਪਰ ਕੀ ਦੇਖਦੇ ਹਾਂ ਕਿ ਅਜੋਕਾ ਧੀਆਂ ਭੈਣਾਂ ਦੀਆਂ ਗਾਲ੍ਹਾਂ 'ਚ ਲਿਬੇੜਿਆ ਸੰਗੀਤ ਜ਼ਹਿਰ ਦੀ ਪਾਣ ਦਿੱਤੇ ਹੋਏ ਬਾਣ ਵਰਗਾ ਘਾਤਕ ਸਾਬਤ ਹੋ ਰਿਹੈ। ਸੰਗੀਤ ਦੇ ਨਾਂਅ ਹੇਠ ਗਾਇਕਾਂ ਗੀਤਕਾਰਾਂ ਵੱਲੋਂ ਜੋ 'ਗੰਦ' ਖਿਲਾਰਿਆ ਜਾ ਰਿਹਾ ਹੈ ਕਿਸੇ ਤੋਂ ਲੁਕਿਆ ਛਿਪਿਆ ਨਹੀਂ ਹੈ। ਪਰ ਅਸੀ ਸਭ ਹੀ ਉਸ ਤਰ੍ਹਾਂ ਅੱਖਾਂ ਮੀਟ ਜਾਂਦੇ ਹਾਂ ਜਿਵੇਂ ਸ਼ਿਕਾਰ ਕਰਨ ਆਈ ਬਿੱਲੀ ਨੂੰ ਦੇਖਕੇ ਕਬੂਤਰ ਅੱਖਾਂ ਮੀਟ ਲੈਂਦੈ। ਕਬੂਤਰ ਨੂੰ ਅੱਖਾਂ ਮੀਟ ਕੇ ਵਹਿਮ ਹੋ ਜਾਂਦੈ ਕਿ ਬਿੱਲੀ ਹੁਣ ਹੈ ਨਹੀਂ, ਪਰ ਉੱਡ ਜਾਣ ਦੀ ਬਜਾਏ ਅੱਖਾਂ ਮੀਟਣਾ ਜਾਨ ਦਾ ਖੌਅ ਬਣ ਜਾਂਦੈ। ਉਸੇ ਤਰ੍ਹਾਂ ਹੀ ਗਾਇਕੀ ਦੇ ਨਾਂਅ ਹੇਠ ਆਪਣੀਆਂ ਧੀਆਂ ਭੈਣਾਂ ਨੂੰ ਗਾਲ੍ਹਾਂ ਕੱਢਣ ਵਰਗੇ 'ਰਕਾਟ' ਸਿਰ ਹਿਲਾ ਹਿਲਾ ਸੁਣਦੇ ਹਾਂ। ਉਕਤ ਸਤਰਾਂ ਨੂੰ ਸਿਰਲੇਖ ਦੇਣ ਲੱਗਿਆਂ ਮੈਂ ਦੁਚਿੱਤੀ 'ਚ ਸਾਂ ਪਰ ਜਕੋਤਕੀ 'ਚ ਹਾਂ ਕਿ 'ਸ਼ਰਮ ਕਰੋ' ਸ਼ਬਦ ਲਿਖਾਂ। ਪਰ ਸ਼ਰਮ ਕਰਨ ਦੀ ਬੇਨਤੀ ਵੀ ਉਸੇ ਨੂੰ ਹੀ ਕੀਤੀ ਜਾ ਸਕਦੀ ਹੈ ਜਿਸਨੇ ਸ਼ਰਮ ਕਰਨ ਦਾ ਮਨ ਬਣਾਉਣਾ ਹੋਵੇ। ਜੀਹਨੇ 'ਸ਼ਰਮ ਦੀ ਲਾਹ ਲਈ ਲੋਈ, ਉਹਦਾ ਕੀ ਕਰੂਗਾ ਕੋਈ' ਵਾਂਗ ਜਿਸਨੇ ਪੱਕਾ ਧਾਰ ਹੀ ਲਿਐ ਕਿ ਬੇਸ਼ਰਮ ਬਣੇ ਰਹਿਣੈ, ਉਹਨੂੰ ਭਾਵੇਂ ਪੰਚਾਇਤ ਨਾਲ ਲੈ ਕੇ ਮਿੰਨਤ ਤਰਲਾ ਕਰ ਲਓ, ਨਹੀਂ ਮੰਨਦਾ। ਪੁਰਾਣੇ ਸਮਿਆਂ ਦੀ ਗਾਇਕੀ, ਗੀਤਕਾਰੀ ਅੱਜ ਵਾਂਗ ਜੁਗਾੜਲਾਊ ਬਿਰਤੀ ਦੀ ਮਾਲਕ ਨਹੀਂ ਸੀ। ਜਿਸਦੇ ਸਿੱਟੇ ਵਜੋਂ ਪੁਰਾਣੇ ਸਮਿਆਂ ਦੇ ਮਕਬੂਲ ਗਾਇਕ, ਗੀਤਕਾਰ ਵਿਚਾਰੇ ਦੋ ਡੰਗ ਦੀ ਰੋਟੀ ਤੋਂ ਵੀ ਮੁਥਾਜ ਹੋਏ ਗੁੰਮਨਾਮੀ ਦੀ ਜ਼ਿੰਦਗੀ ਜਿਉਣ ਲਈ ਮਜ਼ਬੂਰ ਹਨ। ਉਹਨਾਂ ਦੀਆਂ ਪਾਏਦਾਰ ਗੱਲਾਂ ਜਾਂ ਗੀਤਾਂ ਅੱਗੇ ਅੱਜ ਦੇ ਗਾਇਕ ਗੀਤਕਾਰ ਤਾਂ ਵਿਚਾਰੇ ਇਉਂ ਲਗਦੇ ਨੇ ਜਿਵੇਂ 'ਥੇਹ 'ਤੇ ਬੈਠੇ ਤੂੰਬਾ ਵਜਾਈ ਜਾ ਰਹੇ ਹੋਣ'। ਬੇਸ਼ੱਕ ਪਿਛਲੇ ਦੋ ਤਿੰਨ ਦਹਾਕਿਆਂ ਦੀ ਗਾਇਕੀ ਵਿੱਚ ਵੀ ਗਾਇਕਾਂ ਦੇ ਗਾਏ ਪਰ ਗੀਤਕਾਰਾਂ ਦੀ ਨਿੱਜੀ ਸੋਚ ਦੀ ਉਪਜ ਗੀਤਾਂ ਬਾਰੇ ਚਿੰਤਕ ਲੋਕਾਂ ਨੇ ਕਾਫੀ ਰੌਲਾ ਪਾਇਆ ਹੈ ਕਿ ਇਹਨਾਂ ਗੀਤਾਂ (ਖਾਸ ਕਰਕੇ ਦੋਗਾਣਿਆਂ) ਕਾਰਨ ਦਿਉਰ- ਭਾਬੀ, ਜੇਠ- ਭਰਜਾਈ, ਜੀਜਾ- ਸਾਲੀ ਆਦਿ ਰਿਸ਼ਤਿਆਂ ਨੂੰ ਲੁੱਚਪੁਣੇ ਦੀ ਪੁੱਠ ਜਿਹੀ ਚੜ੍ਹੀ ਹੈ। ਜਾਂ ਇਹ ਕਹਿ ਲਓ ਕਿ ਇਹਨਾਂ ਕਰਕੇ ਹਰ ਕਿਸੇ ਦੇ ਮਨ ਵਿੱਚੋਂ ਇਹਨਾਂ ਰਿਸ਼ਤਿਆਂ ਦੀ ਪਵਿੱਤਰਤਾ ਦਾ ਖਿਆਲ ਖੰਭ ਜਿਹੇ ਲਾ ਕੇ ਉੱਡ ਗਿਆ ਭਾਸਦਾ ਹੈ। ਇਉਂ ਪ੍ਰਤੀਤ ਹੋਣ ਲਗਦੈ ਜਿਵੇਂ ਹਰ ਦਿਓਰ, ਜੇਠ ਜਾਂ ਜੀਜੇ ਦੇ ਆਪਣੀ ਭਰਜਾਈ ਜਾਂ ਸਾਲੀ ਨਾਲ ਸੰਬੰਧ ਜਿਸਮਾਨੀ ਭੁੱਖ ਵਾਲੇ ਵਧੇਰੇ ਹਨ। ਪਰ ਅਸਲ ਹਾਲਾਤਾਂ ਵਿੱਚ ਇਹ ਗੀਤ ਸੱਚਾਈ ਤੋਂ ਕਈ ਥਾਈਂ ਲੱਖਾਂ ਕੋਹਾਂ ਦੂਰ ਵੀ ਹੋ ਸਕਦੇ ਹਨ। ਜੇ ਕਮਰਸ਼ੀਅਲ ਹੋਣ ਦਾ ਬਹਾਨਾ ਲਾ ਕੇ ਗੰਦ ਘੋਲਿਆ ਜਾਂਦਾ ਹੈ ਤਾਂ ਗਾਇਕ, ਗੀਤਕਾਰ ਜਾਂ ਅਜਿਹੀ ਗਾਇਕੀ ਦੇ ਨਾਂ 'ਤੇ ਕਮਾਈ ਕਰਨ ਵਾਲੇ ਇਹ ਕਿਉਂ ਭੁੱਲ ਜਾਂਦੇ ਹਨ ਕਿ ਉਹਨਾਂ ਦੇ ਘਰ ਵੀ ਧੀਆਂ ਭੈਣਾਂ ਹਨ। ਜੇ ਇੰਨਾ ਹੀ ਪੈਸਾ ਕਮਾਉਣ ਦਾ ਲਾਲਚ ਹੈ ਤਾਂ ਆਪਣੇ ਦੋ-ਅਰਥੇ ਜਾਂ ਸਮਾਜਿਕ ਰਿਸ਼ਤਿਆਂ ਨਾਲ ਬਲਾਤਕਾਰ ਕਰਦੇ ਗੀਤਾਂ ਦੀਆਂ ਵੀਡੀਓਜ਼ ਵਿੱਚ ਕਿਉਂ ਹੋਰ ਲੋਕਾਂ ਦੀਆਂ ਕੁੜੀਆਂ ਨੂੰ ਵਿਕਾਊ ਚੀਜ਼ਾਂ ਬਣਾਕੇ ਪੇਸ਼ ਕੀਤਾ ਜਾਂਦਾ ਹੈ? ਜੇ ਪੈਸਾ ਹੀ ਕਮਾਉਣਾ ਹੈ ਤਾਂ ਕਿਉਂ ਨਹੀਂ ਕਿਸੇ ਹੋਰ ਕਲਾਕਾਰ ਬੀਬੀ ਨੂੰ ਪੈਸੇ ਦੇਣ ਦੀ ਬਜਾਏ ਆਪਣੀ ਹੀ ਸਕੀ ਧੀ ਜਾਂ ਭੈਣ ਨੂੰ ਅਜਿਹੇ ਛੋਟੇ ਮੋਟੇ ਰੋਲਾਂ ਲਈ ਮੌਕਾ ਦਿੱਤਾ ਜਾਂਦਾ। ਇਸੇ ਬਹਾਨੇ ਘਰ ਦੀ ਮਾਇਆ ਮੁੜ ਕੇ ਫਿਰ ਘਰ ਹੀ ਆ ਜਾਊਗੀ। ਪਰ ਅਫ਼ਸੋਸ ਕਿ ਅਸੀਂ ਦੂਜਿਆਂ ਦੀਆਂ ਧੀਆਂ ਭੈਣਾਂ ਨੂੰ ਹੀ ਮਾਸ਼ੂਕਾਂ ਸਮਝ ਰਹੇ ਹਾਂ, ਖੁਦ ਇਹ ਬਰਦਾਸ਼ਤ ਨਹੀਂ ਕਰਾਂਗੇ ਕਿ ਕੋਈ ਸਾਡੀ ਸਕੀ ਭੈਣ ਜਾਂ ਧੀ ਵੱਲ ਅੱਖ ਚੁੱਕ ਕੇ ਵੀ ਦੇਖੇ। ਜਿਵੇਂ ਹਰ ਕਿਸੇ ਨੂੰ ਇਹੀ ਮਨਜ਼ੂਰ ਹੈ ਕਿ ਸਰਦਾਰ ਭਗਤ ਸਿੰਘ ਤਾਂ ਸਾਡੇ ਘਰ ਜੰਮੇ ਪਰ 'ਸ਼ਹੀਦ ਭਗਤ ਸਿੰਘ' ਗੁਆਂਢੀਆਂ ਦੇ ਜੰਮੇ। ਬਿਲਕੁਲ ਉਸੇ ਤਰ੍ਹਾਂ ਹੀ ਜਿਆਦਾਤਰ ਲੋਕਾਂ ਦੀ ਪਹਿਲੀ ਇੱਛਾ ਤਾਂ ਇਹ ਹੁੰਦੀ ਹੈ ਕਿ 'ਕੁੜੀ ਜੰਮੇ ਹੀ ਨਾ' ਪਰ ਜੇ ਸਾਡੇ ਘਰ ਧੱਕੇ ਨਾਲ ਜੰਮ ਵੀ ਪਈ ਤਾਂ ਝਾਸੀ ਦੀ ਰਾਣੀ ਵਰਗੀ ਨਹੀਂ ਸਗੋਂ ਕੰਨਾਂ 'ਚ ਕੀੜੇ ਪਏ ਕੁੱਤੇ ਵਾਂਗ ਸਿਰ ਨਿਵਾ ਕੇ ਤੁਰੀ ਫਿਰਨ ਵਾਲੀ ਹੀ ਜੰਮੇ। ਸਾਡੇ ਘਰ ਜੰਮੇ ਤਾਂ ਸਤੀ-ਸਵਿੱਤਰੀ ਹੀ ਜੰਮੇ.... ਹੀਰਾਂ,ਸਾਹਿਬਾਂ, ਜਾਂ ਸੱਸੀਆਂ ਬੇਸ਼ੱਕ ਗੁਆਂਢੀਆਂ ਦੇ ਜੰਮ ਪੈਣ। ਸਾਡਾ ਮੁੰਡਾ ਬੇਸ਼ੱਕ ਲੋਕਾਂ ਦੀਆਂ ਕੁੜੀਆਂ ਨੂੰ ਸਾਰਾ ਦਿਨ ਸੀਟੀਆਂ ਮਾਰਦਾ ਫਿਰੇ ਪਰ ਸਾਡੀ ਕੁੜੀ ਨੂੰ ਸਾਰੇ 'ਭੈਣ ਜੀ' ਕਹਿ ਕੇ ਲੰਘਣ। ਅਜਿਹਾ ਦੋਗਲਾਪਨ ਕਿਉਂ.. ਕਿਉਂ.. ਕਿਉਂ?
ਇਹ ਸਵਾਲ ਅੱਜ ਵੀ ਜਿਉਂ ਦੇ ਤਿਉਂ ਹਨ। ਇਹ ਗੱਲ ਹਰ ਕਿਸੇ ਦੇ ਜ਼ਿਹਨ 'ਚ ਹੋਵੇਗੀ ਕਿ ਪੰਜਾਬੀ ਗਾਇਕੀ ਵਿੱਚ ਆਏ ਗਾਇਕਾਂ ਦੇ ਹੜ੍ਹ ਪਿੱਛੇ ਬੇਰੁਜ਼ਗਾਰੀ ਦਾ ਬਹੁਤ ਵੱਡਾ ਹੱਥ ਹੈ। ਸਰਕਾਰਾਂ ਦੀਆਂ ਨਾਲਾਇਕੀਆਂ ਦਾ ਸਿੱਟਾ ਹੈ ਕਿ ਹਰ ਘਰ ਬੇਰੁਜ਼ਗਾਰਾਂ ਦਾ ਅੱਡਾ ਬਣਿਆ ਹੋਇਆ ਹੈ। ਪੜ੍ਹ ਲਿਖ ਕੇ ਵੀ ਨੌਕਰੀ ਨਹੀਂ ਮਿਲਦੀ ਤਾਂ ਪੰਜਾਬ ਦੇ ਚੋਬਰ ਸੱਭਿਆਚਾਰ ਦੀ 'ਸੇਵਾ' ਰਾਹੀਂ ਚੰਗੀ ਜ਼ਿੰਦਗੀ ਜਿਉਣ ਦੀ ਹੋੜ 'ਚ ਆ ਰਲੇ। ਥੋੜ੍ਹੇ ਜਿਹੇ ਸਥਾਪਤ ਗਾਇਕਾਂ ਵੱਲੋਂ ਪਾਈਆਂ ਜਾਂਦੀਆਂ ਭੜਕੀਲੀਆਂ ਜਿਹੀਆਂ ਪੁਸ਼ਾਕਾਂ, ਅੰਗੂਠੇ ਤੋਂ ਇਲਾਵਾ ਸੋਨੇ ਦੀਆਂ ਮੁੰਦੀਆਂ ਨਾਲ ਭਰੀਆਂ ਉਂਗਲਾਂ, ਆਮ ਲੋਕਾਂ ਤੋਂ ਥੋੜ੍ਹੇ ਜਿਹੇ 'ਉੱਪਰ' ਹੋ ਕੇ ਚੱਲਣ ਦੀ ਖ਼ਰਗੋਸ਼ ਚਾਲ ਨੇ ਬਥੇਰਿਆਂ ਦੇ ਹਿੱਸੇ ਆਉਂਦੇ ਪੈਲੀ ਦੇ ਸਿਆੜਾਂ 'ਤੇ ਅੰਗੂਠੇ ਲਗਵਾ ਦਿੱਤੇ। ਜੇ ਕੋਈ ਠੇਕੇ 'ਤੇ ਲੈ ਕੇ ਜ਼ਮੀਨ 'ਚ ਖੇਤੀ ਕਰਦੈ ਤਾਂ ਉਸ ਦੀ ਸਭ ਤੋਂ ਪਹਿਲੀ ਸੋਚ ਇਹੀ ਹੁੰਦੀ ਹੈ ਕਿ ਝਾੜ ਕਿਵੇਂ ਵੱਧ ਨਿੱਕਲੂ? ਮੁਨਾਫਾ ਕਿਵੇਂ ਵੱਧ ਹੋਊ? ਇਸ ਸੁਫਨੇ ਨੂੰ ਪੂਰਾ ਕਰਨ ਲਈ ਬੇਸ਼ੱਕ ਕਾਸਤਕਾਰ ਖਾਦ ਦੇ ਨਾਲ ਨਾਲ ਜ਼ਮੀਨ 'ਚ ਲੂਣ ਵੀ ਪਾ ਦੇਵੇ। ਇਹ ਸਿਰਦਰਦੀ ਉਸ ਜ਼ਮੀਨ ਦੇ ਮਾਲਕ ਦੀ ਰਹੀ ਕਿ ਬਾਦ ਵਿੱਚ ਉਸ ਜ਼ਮੀਨ 'ਚ ਕੱਲਰ ਪੈਂਦੇ ਹਨ ਜਾਂ ਨਹੀਂ? ਬਿਲਕੁਲ ਓਹੀ ਹਾਲ ਸਾਡੇ ਗਾਇਕ ਵੀਰਾਂ ਦਾ ਹੈ.. ਜਿਹਨਾਂ ਨੇ ਇੱਕ ਠੇਕੇ 'ਤੇ ਕਾਸ਼ਤ ਕਰਦੇ ਕਿਸਾਨ ਵਾਂਗ ਪੱਲਿਉਂ ਪੈਸੇ ਲਗਾ ਕੇ ਇੱਕ ਅੱਧੀ ਕੈਸੇਟ ਮੰਡੀ ਵਿੱਚ ਸੁੱਟ ਦਿੱਤੀ। ਉਹ ਗਾਇਕ ਵੀ ਤਾਂ ਮੁਨਾਫੇ ਲਈ ਹੀ ਕੰਮ ਕਰ ਰਿਹਾ ਹੈ ਇਸ ਲਈ ਆਪਣੀ ਫ਼ਸਲ (ਗਾਇਕੀ) 'ਚ ਨਰੋਈ ਖਾਦ ਪਾਉਣੀ ਹੈ ਜਾਂ ਲੂਣ.... ਇਹ ਉਸਦੀ ਸੋਚ 'ਤੇ ਨਿਰਭਰ ਕਰਦਾ ਹੈ। ਫਰੋਲਾ ਫਰਾਲੀ ਕਰ ਕੇ ਦੇਖ ਲਓ ਜਿਆਦਾਤਰ ਅਜਿਹੇ ਹੀ ਮਿਲਣਗੇ ਜੋ ਸੜਕੇ ਸੜਕ ਪੈ ਕੇ ਮੰਜ਼ਿਲ 'ਤੇ ਜਾਣ ਦੀ ਬਜਾਏ ਵਾਹਣੋ- ਵਾਹਣੀ ਮੰਜ਼ਿਲ ਤੱਕ ਪਹੁੰਚਣ ਦਾ ਭਰਮ ਪਾਲੀ ਬੈਠੇ ਹਨ। ਨਕਲੀ ਖਰਗੋਸ਼ ਮਗਰ ਦੌੜਦੇ ਬੇਵਕੂਫ ਕੁੱਤਿਆਂ ਵਾਂਗ ਦੌੜਦੇ ਭੋਲੇ ਵੀਰਾਂ ਨੂੰ ਸ਼ਾਇਦ ਇਹ ਭੁੱਲ ਗਿਆ ਹੋਵੇ ਕਿ ਜਿਸ ਸੱਭਿਆਚਾਰ ਦੀ ਜ਼ਮੀਨ 'ਤੇ ਤੁਸੀਂ ਕੱਲਰ ਪਾਉਣੋਂ ਵੀ ਗੁਰੇਜ਼ ਨਹੀਂ ਕਰ ਰਹੇ, ਇਸ ਸਿਰਜੇ ਹੋਏ ਮਾਹੌਲ ਵਿੱਚ ਤੁਹਾਡੀਆਂ ਆਪਣੀਆਂ ਧੀਆਂ ਜਾਂ ਭੈਣਾਂ ਨੇ ਵੀ ਵਿਚਰਨਾ ਹੈ। ਜਿਹੜੇ ਲੋਕਾਂ ਨੂੰ ਤੁਸੀ ਉੱਪਰ ਦਿੱਤੀਆਂ ਕਹਾਵਤਾਂ ਵਾਂਗ ਗਧੇ ਜਾਂ ਘੁੱਗੀਆਂ ਸਮਝ ਰਹੇ ਹੋ ਉਹਨਾਂ ਨੂੰ ਜਿਸ ਦਿਨ ਸੁਰਤ ਆ ਗਈ ਤਾਂ ਸਭ ਤੋਂ ਪਹਿਲਾਂ ਓਹੀ ਲੋਕ ਤੁਹਾਨੂੰ ਸੁਆਲ ਕਰਨਗੇ ਕਿ "ਬਾਈ ਗਾਇਕ ਜੀ, ਜਿਹੜੇ ਗੀਤਾਂ ਰਾਹੀਂ ਤੁਸੀਂ ਲੋਕਾਂ ਦੀਆਂ ਕੁੜੀਆਂ ਨੂੰ ਮਾਪਿਆਂ ਨੂੰ ਪਿਆਉਣ ਵਾਲੇ ਦੁੱਧ 'ਚ ਨੀਂਦ ਵਾਲੀਆਂ ਗੋਲੀਆਂ ਪਾ ਕੇ ਆਉਣ ਦੀਆਂ ਸਲਾਹਾਂ ਦਿੰਨੇ ਹੋææ ਕੀ ਇਹ ਗੀਤ ਸਭ ਤੋਂ ਪਹਿਲਾਂ ਆਪਣੀ ਸਕੀ ਭੈਣ ਨੂੰ ਸੁਣਾਇਐ?" "ਜੇ ਤੁਸੀਂ ਲੋਕਾਂ ਦੀਆਂ ਧੀਆਂ ਨੂੰ ਆਪਣੇ ਆਸ਼ਕ ਦੇ ਹੱਕ 'ਚ ਡਟ ਕੇ ਖਲੋਣ ਅਤੇ ਉਹਨਾਂ ਦੇ ਭਰਾਵਾਂ ਨੂੰ ਡੱਕਰੇ ਡੱਕਰੇ ਕਰਨ ਦੀਆਂ ਫੁਕਰੀਆਂ ਮਾਰਦੇ ਨਹੀਂ ਥੱਕਦੇ.. ਕੀ ਤੁਸੀਂ ਖੁਦ ਬਰਦਾਸ਼ਤ ਕਰੋਗੇ ਕਿ ਕੋਈ ਇਹੀ ਗੱਲਾਂ ਥੋਡੀ ਭੈਣ ਨੂੰ ਘਰੋਂ 'ਨਿੱਕਲ' ਜਾਣ ਲਈ ਕਹੇ?"
ਜਿਸ ਦਿਨ ਇਹ ਸਵਾਲ ਆਮ ਲੋਕਾਂ ਦੀ ਜ਼ੁਬਾਨ 'ਤੇ ਆ ਗਏ, ਉਸ ਦਿਨ ਹੀ ਪੰਜਾਬ ਦੀ ਸੱਭਿਆਚਾਰਕ ਫਿਜ਼ਾ ਬਦਲ ਸਕਦੀ ਹੈ। ਨਹੀਂ ਤਾਂ ਗਾਇਕਾਂ ਗੀਤਕਾਰਾਂ ਵੱਲੋਂ 'ਸਿਰਜੇ' ਗੀਤਾਂ ਰਾਹੀਂ ਆਪਣੀਆਂ ਧੀਆਂ ਭੈਣਾਂ ਨੂੰ ਗਾਲ੍ਹਾਂ ਕਢਵਾ ਰਹੇ ਲੋਕਾਂ ਲਈ ਵਾਕਈ ਇਹੀ ਕਿਹਾ ਜਾ ਸਕਦੈ ਕਿ "ਘੁੱਗੀ ਕੀ ਜਾਣੇ ਸਤਗੁਰ ਦੀਆਂ ਬਾਤਾਂ....?"

1 comment: