ਬਰਤਾਨਵੀ ਗੋਰੀਆਂ ਨੂੰ ਮਨਦੀਪ ਖੁਰਮੀ ਨੇ ਸਿਖਾਏ ਭੰਗੜੇ ਦੇ ਦਾਅ-ਪੇਚ।

ਲੰਡਨ {ਜਗਸੀਰ ਧਾਲੀਵਾਲ ਨੰਗਲ} ਇੰਗਲੈਂਡ ਦੀਆਂ ਗੋਰੀਆਂ ਪੰਜਾਬ ਦੇ ਲੋਕ ਨਾਚ ਭੰਗੜੇ ਨੂੰ ਬੇਸਹਾਰਾ ਲੋਕਾਂ ਦੀ ਸੇਵਾ ਸੰਭਾਲ ਕਰਨ ਵਾਲੀਆਂ ਸੰਸਥਾਵਾਂ ਲਈ ਦਾਨ ਇਕੱਠਾ ਕਰਕੇ ਦੇਣ ਲਈ ਵਰਤਣ ਦੇ ਰੌਂਅ ਵਿੱਚ ਹਨ, ਤੇ ਇਹਨਾਂ ਗੋਰੀਆਂ ਨੂੰ ਭੰਗੜੇ ਦੇ ਦਾਅ ਪੇਚ ਸਿਖਾਉਣ ਦਾ ਜ਼ਿੰਮਾ ਜਿਲ੍ਹਾ ਮੋਗਾ ਦੇ ਪਿੰਡ ਹਿੰਮਤਪੁਰਾ ਦੇ ਜੰਮਪਲ ਪੱਤਰਕਾਰ ਮਨਦੀਪ ਖੁਰਮੀ ਹਿੰਮਤਪੁਰਾ ਨੇ ਲਿਆ ਹੈ । ਜਿਕਰਯੋਗ ਹੈ ਕਿ ਮਨਦੀਪ ਖੁਰਮੀ ਉੱਤਰ ਖੇਤਰੀ ਸੱਭਿਆਚਾਰਕ ਕੇਂਦਰ ਪਟਿਆਲਾ ਦੇ ਸਹਿਯੋਗ ਨਾਲ ਅਤੇ ਭੰਗੜੇ ਦੀ 'ਨਯਾ ਦੌਰ' ਫਿਲਮ ਰਾਹੀਂ ਪਹਿਲੀ ਵਾਰ ਪੇਸ਼ਕਾਰੀ ਕਰਨ ਦਾ ਮਾਣ ਪ੍ਰਾਪਤ ਸ੍ਰੀ ਬਲਬੀਰ ਸਿੰਘ ਸੇਖੋਂ ਜੀ ਤੋਂ ਸਿੱਖਿਅਤ ਹਨ । ਗੋਰੀਆਂ ਨੂੰ ਭੰਗੜੇ ਦੀਆਂ ਬਾਰੀਕੀਆਂ ਤੋਂ ਜਾਣੂੰ ਕਰਵਾਉਣ ਦੀ ਪਹਿਲੀ ਲੜੀ ਤਹਿਤ ਇੰਗਲੈਂਡ ਦੇ ਨਾਰਥ ਵੈਸਟ ਖੇਤਰ ਦੇ ਕਸਬੇ ਹੈਜਲਿੰਗਟਨ ਦੇ ਸੇਂਟ ਮੈਥਿਊ ਚਰਚ ਹਾਲ ਵਿਖੇ ਇੱਕ ਰੋਜ਼ਾ ਭੰਗੜਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ । ਜਿਸ ਵਿੱਚ ਇੰਗਲੈਂਡ ਦੇ ਨਾਮਵਾਰ ਡਾਂਸ ਗਰੁੱਪ ''ਮਜੈਂਟਾ ਅਲ ਜ਼ਮੀਹਾ'' ਦੀਆਂ ਦੋ ਦਰਜ਼ਨ ਦੇ ਲਗਭਗ ਮੈਂਬਰ ਬਰਤਾਨਵੀ ਗੋਰੀਆਂ ਨੇ ਭਾਗ ਲਿਆ । ਭੰਗੜਾ ਵਰਕਸ਼ਾਪ ਉਪਰੰਤ 'ਮਜੈਂਟਾ ਅਲ ਜ਼ਮੀਹਾ' ਦੀ ਸੰਚਾਲਕ ਮਿਸ ਓਲੀਵੀਆ ਵਾਈਟ ਦੇ ਉੱਦਮ ਨਾਲ ਆਯੋਜਿਤ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮਨਦੀਪ ਖੁਰਮੀ ਨੇ ਕਿਹਾ ਕਿ ਉਹਨਾਂ ਨੂੰ ਬੇਹੱਦ ਖੁਸ਼ੀ ਹੋਈ ਕਿ ਪੰਜਾਬ ਦੇ ਲੋਕ ਨਾਚ ਭੰਗੜੇ ਦੀਆਂ ਸਿਖਾਂਦਰੂ ਗੋਰੀਆਂ ਸਿੱਖਣ ਉਪਰੰਤ ਬੇਸਹਾਰਾ ਲੋਕਾਂ ਦੀ ਭਲਾਈ ਲਈ ਦਾਨ ਇਕੱਠਾ ਕਰਨ ਲਈ ਭੰਗੜੇ ਨੂੰ ਆਪਣੇ ਗਰੁੱਪ ਦੇ ਵਿਸ਼ੇਸ਼ ਆਕਰਸ਼ਣ ਵਜੋਂ ਪੇਸ਼ ਕਰਨਗੀਆਂ । ਉਹਨਾਂ ਕਿਹਾ ਕਿ ਨਿਰਸੰਦੇਹ ਉਕਤ ਭੰਗੜਾ ਵਰਕਸ਼ਾਪ ਸੱਭਿਆਚਾਰਾਂ ਦੇ ਵਟਾਂਦਰੇ ਦਾ ਨਿੱਗਰ ਉਪਰਾਲਾ ਹੈ । ਪਰ ਜਿੱਥੇ ਦੂਜਿਆਂ ਦੇ ਸੱਭਿਆਚਾਰ ਨੂੰ ਅਪਨਾਉਣਾ ਮਾੜੀ ਗੱਲ ਨਹੀਂ, ਉੱਥੇ ਦੂਜਿਆਂ ਦੀ ਅੰਨ੍ਹੇਵਾਹ ਨਕਲ ਕਰਨ ਦੀ ਹੋੜ੍ਹ 'ਚ ਆਪਣੇ ਅਮੀਰ ਸੱਭਿਆਚਾਰ ਨੂੰ ਵਿਸਾਰ ਦੇਣਾ ਮਾੜੀ ਗੱਲ ਹੈ । ਪਰ ਇਸ ਗੱਲੋਂ ਬਰਤਾਨਵੀ ਲੋਕ ਵਧਾਈ ਦੇ ਪਾਤਰ ਹਨ ਕਿ ਉਹ ਲੋਕਾਈ ਦੀ ਭਲਾਈ ਨਾਲ ਜੁੜੇ ਹਰ ਮਸਲੇ ਦੇ ਹੱਲ ਲਈ ਸੱਭਿਆਚਾਰਕ ਗਤੀਵਿਧੀਆਂ ਰਾਹੀਂ ਸਰਗਰਮ ਭੁਮਿਕਾ ਨਿਭਾਉਂਦੇ ਹਨ । ਸੇਵਾਵਾਂ ਪ੍ਰਦਾਨ ਕਰਨ ਬਦਲੇ 'ਮਜੈਂਟਾ ਅਲ ਜ਼ਮੀਹਾ' ਗਰੁੱਪ ਵੱਲੋਂ ਮਨਦੀਪ ਖੁਰਮੀ ਨੂੰ ਯਾਦ ਨਿਸ਼ਾਨੀ ਨਾਲ ਸਨਮਾਨਿਤ ਵੀ ਕੀਤਾ ਗਿਆ।

No comments:

Post a Comment